ਤੁਰਕੀ-ਸੀਰੀਆ ਸਰਹੱਦ ‘ਤੇ ਸਥਿਤ ਕਾਹਰਾਮਨਮਾਰਸ ਸ਼ਹਿਰ ‘ਚ ਸਥਾਨਕ ਸਮੇਂ ਮੁਤਾਬਕ ਐਤਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.7 ਰਹੀ। ਤੁਰਕੀ ਅਤੇ ਸੀਰੀਆ ‘ਚ ਆਏ ਭਿਆਨਕ ਭੂਚਾਲ ‘ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧ ਕੇ 34000 ਹੋ ਗਈ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ ਹੁਣ 1 ਲੱਖ ਦੇ ਕਰੀਬ ਪਹੁੰਚ ਗਈ ਹੈ। ਇਸ ਦੇ ਨਾਲ ਹੀ ਬਚਾਅ ਕਾਰਜ ਵੀ ਜਾਰੀ ਹੈ।
ਦੱਸ ਦੇਈਏ ਇਸ ਕੜਾਕੇ ਦੀ ਠੰਢ ਵਿੱਚ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਰਮਚਾਰੀ ਪਿਛਲੇ 5 ਦਿਨਾਂ ਤੋਂ ਲਗਾਤਾਰ ਕੰਮ ਕਰ ਰਹੇ ਹਨ। ਸਥਾਨਕ ਸਮੇਂ ਮੁਤਾਬਕ ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 34,105 ਹੋ ਗਈ ਹੈ। ਤੁਰਕੀ ਦੇ ਐਮਰਜੈਂਸੀ ਕੋਆਰਡੀਨੇਸ਼ਨ ਸੈਂਟਰ (SAKOM) ਨੇ ਦੱਸਿਆ ਕਿ ਤੁਰਕੀ ਵਿੱਚ ਭੂਚਾਲ ਕਾਰਨ ਹੁਣ ਤੱਕ 29,605 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸੀਰੀਆ ‘ਚ ਭੂਚਾਲ ਕਾਰਨ 4,574 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੀਰੀਆ ਦੇ ਸਿਹਤ ਮੰਤਰਾਲੇ ਮੁਤਾਬਕ ਸੀਰੀਆ ਦੇ ਉੱਤਰ-ਪੂਰਬੀ ਖੇਤਰ ‘ਚ 3,160 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੂਚਨਾ ਮੁਤਾਬਕ ਸਰਕਾਰੀ ਕੰਟਰੋਲ ਵਾਲੇ ਖੇਤਰ ‘ਚ 1,414 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ WHO ਦੇ ਨਿਰਦੇਸ਼ਕ ਵੀ ਸੀਰੀਆ ਦੇ ਬਾਗੀ ਇਲਾਕਿਆਂ ਦਾ ਬਹੁਤ ਜਲਦ ਦੌਰਾ ਕਰ ਸਕਦੇ ਹਨ। ਪਿਛਲੇ ਸੋਮਵਾਰ ਤੋਂ ਹੁਣ ਤੱਕ ਤੁਰਕੀ-ਸੀਰੀਆ ਵਿੱਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਤੁਰਕੀ ਵਿੱਚ ਭਿਆਨਕ ਭੂਚਾਲ ਆਉਣ ਤੋਂ ਛੇ ਦਿਨ ਬਾਅਦ ਬਚਾਅ ਕਰਮਚਾਰੀਆਂ ਵੱਲੋਂ ਬਚਾਅ ਕਾਰਜ ਵੀ ਜਾਰੀ ਹੈ।
ਇਹ ਵੀ ਪੜ੍ਹੋ : ਸਿੱਕਮ ‘ਚ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਰਿਕਟਰ ਪੈਮਾਨੇ ‘ਤੇ 4.3 ਰਹੀ ਤੀਬਰਤਾ
ਇਸ ਦੌਰਾਨ, ਜਰਮਨ ਸਰਕਾਰ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਪੀੜਤਾਂ ਲਈ ਅਸਥਾਈ ਤੌਰ ‘ਤੇ ਵੀਜ਼ਾ ਪਾਬੰਦੀਆਂ ਨੂੰ ਸੌਖਾ ਕਰਨਾ ਚਾਹੁੰਦੀ ਹੈ। ਜਰਮਨੀ ਦੀ ਗ੍ਰਹਿ ਮੰਤਰੀ ਨੈਨਸੀ ਫੇਜ਼ਰ ਨੇ ਸ਼ਨੀਵਾਰ ਦੇਰ ਰਾਤ ਟਵੀਟ ਕੀਤਾ, “ਅਸੀਂ ਸੰਕਟ ਦੇ ਸਮੇਂ ਵਿੱਚ ਮਦਦ ਦਾ ਹੱਥ ਵਧਾ ਰਹੇ ਹਾਂ। ਅਸੀਂ ਜਰਮਨੀ ਵਿੱਚ ਤੁਰਕੀ ਜਾਂ ਸੀਰੀਆਈ ਪਰਿਵਾਰਾਂ ਲਈ ਤਬਾਹੀ ਵਾਲੇ ਖੇਤਰ ਤੋਂ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਲਿਆਉਣਾ ਸੰਭਵ ਬਣਾਉਣਾ ਚਾਹੁੰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: