Nasa SpaceX crew return: ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਦੋ ਪੁਲਾੜ ਯਾਤਰੀ ਇੱਕ ਨਿੱਜੀ ਕੰਪਨੀ ਸਪੇਸਐਕਸ ਦੇ ਡ੍ਰੈਗਨ ਨਾਮ ਦੇ ਕੈਪਸੂਲ ਵਿੱਚ ਸਵਾਰ ਹੋ ਕੇ ਪੁਲਾੜ ਤੋਂ ਸਮੁੰਦਰ ਵਿੱਚ ਉਤਰ ਗਏ ਹਨ । 45 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਨਾਸਾ ਦਾ ਕੋਈ ਪੁਲਾੜ ਯਾਤਰੀ ਸਮੁੰਦਰ ਵਿੱਚ ਉਤਰਿਆ ਹੈ।
ਇਸ ਸਬੰਧੀ ਸਪੇਸਐਕਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਸ ਨਾਲ ਸਬੰਧਤ ਇੱਕ ਵੀਡੀਓ ਵੀ ਜਾਰੀ ਕੀਤਾ ਹੈ। ਵੀਡੀਓ ਵਿੱਚ ਨਾਸਾ ਦੇ ਦੋ ਪੁਲਾੜ ਯਾਤਰੀਆਂ ਨੂੰ ਸਪਲੈਸ਼ਡਾਊਨ ਹੁੰਦੇ ਹੋਏ ਵੇਖਿਆ ਜਾ ਸਕਦਾ ਹੈ। ਸਪੇਸਕ੍ਰਾਫਟ ਨੂੰ ਇੱਕ ਪੈਰਾਸ਼ੂਟ ਜ਼ਰੀਏ ਪਾਣੀ ਵਿੱਚ ਉਤਾਰਨ ਦੀ ਵਿਧੀ ਨੂੰ ਸਪਲੈਸ਼ਡਾਊਨ ਕਹਿੰਦੇ ਹਨ। ਪੁਲਾੜ ਯਾਤਰੀ ਬੌਬ ਬੈਹਨਕੇਨ ਅਤੇ ਡਾਓ ਹਰਲੇ ਨੂੰ ਸਪੇਸਐਕਸ ਦਾ ਡ੍ਰੈਗਨ ਕੈਪਸੂਲ ਵਾਪਸ ਲਿਆਇਆ ਹੈ।
ਤਕਰੀਬਨ ਦੋ ਮਹੀਨੇ ਦੀ ਪੁਲਾੜ ਵਿੱਚ ਪ੍ਰੀਖਣ ਉਡਾਣ ਤੋਂ ਬਾਅਦ ਇਹ ਪੁਲਾੜ ਯਾਤਰੀ ਮੈਕਸੀਕੋ ਦੀ ਖਾੜੀ ਵਿੱਚ ਉਤਰੇ। ਪੁਲਾੜ ਯਾਤਰੀਆਂ ਦੇ ਵਾਪਸ ਆਉਣ ‘ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧੰਨਵਾਦ ਕੀਤਾ। ਇੱਕ ਟਵੀਟ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ, “ਦੋ ਮਹੀਨੇ ਦੇ ਸਫਲ ਮਿਸ਼ਨ ਤੋਂ ਬਾਅਦ ਨਾਸਾ ਦੇ ਪੁਲਾੜ ਯਾਤਰੀ ਧਰਤੀ ‘ਤੇ ਪਰਤ ਆਏ ਹਨ । ਸਭ ਦਾ ਧੰਨਵਾਦ !”
ਦੱਸ ਦੇਈਏ ਕਿ 31 ਮਈ ਨੂੰ ਨਿੱਜੀ ਕੰਪਨੀ ਸਪੇਸਐਕਸ ਦੇ ਡ੍ਰੈਗਨ ਸਪੇਸਕ੍ਰਾਫਟ ਨੇ ਦੋ ਪੁਲਾੜ ਯਾਤਰੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸਫਲਤਾਪੂਰਵਕ ਉਡਾਣ ਭਰੀ ਸੀ । ਪੁਲਾੜ ਯਾਤਰਾ ਕਰਨ ਵਾਲੇ ਬੌਬ ਬੈਹਨਕੇਨ ਅਤੇ ਡਾਓ ਹਰਲੈ ਨੇ ਇਸ ਪੁਲਾੜ ਮਿਸ਼ਨ ਵਿੱਚ ਉਡਾਣ ਭਰੀ ਸੀ। ਇਹ ਮਿਸ਼ਨ ਨਾਸਾ ਦੇ ਸਪੇਸਐਕਸ ਡੈਮੋ -2 ਵਜੋਂ ਜਾਣਿਆ ਜਾਂਦਾ ਹੈ, ਇਹ ਮਿਸ਼ਨ ਇੱਕ ਐਂਡ ਟੁ ਐਂਡ ਫਲਾਈਟ ਹੈ, ਜਿਸਦਾ ਉਦੇਸ਼ ਸਪੇਸਐਕਸ ਦੀ ਚਾਲਕ ਦਲ ਨੂੰ ਲਿਜਾਣ ਪ੍ਰਣਾਲੀ ਦੀ ਪੁਸ਼ਟੀ ਕਰਨਾ ਹੈ। ਜਿਸ ਵਿੱਚ ਲਾਂਚ, ਇਨ-ਆਰਬਿਟ, ਡੌਕਿੰਗ ਅਤੇ ਲੈਂਡਿੰਗ ਆਪ੍ਰੇਸ਼ਨ ਸ਼ਾਮਿਲ ਹਨ।