2008 ਅਹਿਮਦਾਬਾਦ ਸੀਰੀਅਲ ਬੰਬ ਵਿਸਫੋਟ ਮਾਮਲੇ ‘ਚ ਵਿਸ਼ੇਸ਼ ਅਦਾਲਤ ਨੇ 49 ਵਿਚੋਂ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਸੀ ਤੇ ਅੱਜ ਕੋਰਟ ਵੱਲੋਂ ਸਜ਼ਾ ਦਾ ਐਲਾਨ ਕੀਤਾ ਗਿਆ। ਇਨ੍ਹਾਂ ਧਮਾਕਿਆਂ ਵਿਚ ਕੁੱਲ 56 ਲੋਕਾਂ ਦੀ ਮੌਤ ਹੋਈ ਸੀ। ਤੇ ਲਗਭਗ 200 ਲੋਕ ਜ਼ਖਮੀ ਹੋਏ ਸਨ।
ਅਦਾਲਤ ਨੇ ਪਿਛਲੇ ਸਾਲ ਸਤੰਬਰ ਵਿਚ ਇਸ ਮਾਮਲੇ ਦੇ ਕੁੱਲ 77 ਦੋਸ਼ੀਆਂ ਖਿਲਾਫ ਸੁਣਵਾਈ ਪੂਰੀ ਕੀਤੀ ਸੀ। ਅਦਾਲਤ ਵਿਚ 13 ਸਾਲ ਤੋਂ ਵੀ ਵੱਧ ਸਮੇਂ ਤੱਕ ਮਾਮਲਾ ਚੱਲਣ ਤੋਂ ਬਾਅਦ 49 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ 28 ਹੋਰਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ।
ਸੋਮਵਾਰ ਨੂੰ ਇਸਤਗਾਸਾ ਪੱਖ ਨੇ ਬਹਿਸ ਪੂਰੀ ਕੀਤੀ ਅਤੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਬੇਨਤੀ ਕੀਤੀ। ਮੁਕੱਦਮੇ ਅਧੀਨ 78 ਮੁਲਜ਼ਮਾਂ ਵਿੱਚੋਂ ਇੱਕ ਸਰਕਾਰੀ ਗਵਾਹ ਨਿਕਲਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਉਕਤ ਦੋਸ਼ੀ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਨਾਲ ਜੁੜੇ ਹੋਏ ਹਨ। ਦੋਸ਼ ਲਾਇਆ ਗਿਆ ਸੀ ਕਿ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀਆਂ ਨੇ 2002 ਦੇ ਗੋਧਰਾ ਦੰਗਿਆਂ ਦਾ ਬਦਲਾ ਲੈਣ ਦੀ ਸਾਜ਼ਿਸ਼ ਰਚੀ ਸੀ।
ਵੀਡੀਓ ਲਈ ਕਲਿੱਕ ਕਰੋ -: