ਹਰਿਆਣਾ ਦੇ ਰੋਹਤਕ ‘ਚ ਬਦਮਾਸ਼ਾਂ ਨੇ SBI ਬੈਂਕ ਦੇ ਕੈਸ਼ੀਅਰ ਦੀ ਕੁੱਟਮਾਰ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਕਾਰ ‘ਚੋਂ ਕ੍ਰੈਡਿਟ ਕਾਰਡ ਲੈਣ ਗਿਆ ਸੀ। ਇਸ ਦੌਰਾਨ ਕੁੱਝ ਨੌਜਵਾਨ ਨੇ ਪਹਿਲਾਂ ‘ਤਾਂ ਉਸਦਾ ਨਾਂ ਪੁੱਛਿਆ ਅਤੇ ਫਿਰ ਪਿਸਤੌਲ ਦੀ ਨੋਕ ‘ਤੇ ਹੋਰ ਸਾਥੀਆਂ ਨਾਲ ਮਿਲ ਕੇ ਉਸ ਕੋਲੋਂ ਨਕਦੀ ਅਤੇ ਉਸ ਦੇ ਗਲੇ ‘ਚੋਂ ਚੇਨ ਲੁੱਟ ਲਈ। ਬਾਅਦ ਵਿੱਚ ਮੂੰਹ ’ਤੇ ਬੱਟਾ ਮਾਰ ਕੇ ਉਥੋਂ ਫਰਾਰ ਹੋ ਗਏ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।
ਝੱਜਰ ਦੇ ਪਿੰਡ ਚਿਮਨੀ ਦੇ ਰਹਿਣ ਵਾਲੇ ਵਿਕਾਸ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਰੋਹਤਕ ਦੇ ਪਿੰਡ ਆਂਵਲ ‘ਚ ਸਥਿਤ SBI ‘ਚ ਕੈਸ਼ ਅਫਸਰ ਵਜੋਂ ਕੰਮ ਕਰਦਾ ਹੈ। ਸ਼ੁੱਕਰਵਾਰ ਨੂੰ ਉਸ ਨੇ ਆਪਣੀ ਕਾਰ ਬੈਂਕ ਕੋਲ ਖੜ੍ਹੀ ਕੀਤੀ ਸੀ ਅਤੇ ਕਾਰ ਵਿੱਚ ਹੀ ਆਪਣਾ ਕ੍ਰੈਡਿਟ ਕਾਰਡ ਭੁੱਲ ਗਿਆ ਸੀ। ਜਦੋਂ ਉਸ ਨੂੰ ਕ੍ਰੈਡਿਟ ਕਾਰਡ ਦੀ ਲੋੜ ਪਈ ਤਾਂ ਸ਼ਾਮ ਨੂੰ ਉਹ ਕਾਰ ਵਿੱਚੋਂ ਕ੍ਰੈਡਿਟ ਕਾਰਡ ਲੈਣ ਚਲਾ ਗਿਆ। ਜਦੋਂ ਉਸ ਨੇ ਆਪਣੀ ਕਾਰ ਦਾ ਤਾਲਾ ਖੋਲ੍ਹਿਆ ਤਾਂ ਇਕ ਨੌਜਵਾਨ ਉਸ ਕੋਲ ਆਇਆ।
ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦਾ 62ਵਾਂ ਸਥਾਪਨਾ ਦਿਵਸ, ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ‘ਚ ਪਹੁੰਚੇ CM ਮਾਨ
ਨੌਜਵਾਨ ਨੇ ਪਹਿਲਾਂ ਪੁੱਛਿਆ ਕਿ ਤੇਰਾ ਨਾਮ ਵਿਕਾਸ ਹੈ। ਹਾਂ ਭਰਨ ਤੋਂ ਬਾਅਦ ਉਸ ਨੇ ਇਸ਼ਾਰਾ ਕੀਤਾ ਤਾਂ 2 ਨੌਜਵਾਨਾਂ ਨੇ ਉਸ ਦੀ ਪਿੱਛਿਓਂ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਨੌਜਵਾਨਾਂ ਨੇ ਉਸ ਕੋਲੋਂ 25 ਹਜ਼ਾਰ ਅਤੇ ਸੋਨੇ ਦੀ ਚੇਨ ਖੋਹ ਲਈ। ਉਨ੍ਹਾਂ ਵਿਚੋਂ ਇਕ ਨੇ ਪਿਸਤੌਲ ਦਾ ਬੱਟ ਉਸ ਦੇ ਮੂੰਹ ‘ਤੇ ਮਾਰਿਆ। ਉਨ੍ਹਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ, ਜਿਸ ਵਿਚ ਉਹ ਜ਼ਖਮੀ ਹੋ ਗਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਕਰੀਬ 8-10 ਲੋਕ ਸਨ, ਜੋ 4 ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਇਸ ਤੋਂ ਬਾਅਦ ਸਾਰੇ ਮੌਕੇ ‘ਤੋਂ ਫਰਾਰ ਹੋ ਗਏ। ਉਸ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੋਸ਼ੀਆਂ ਦੀ ਭਾਲ ਲਈ CCTV ਕੈਮਰੇ ਵੀ ਚੈੱਕ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: