ਮੇਘਾਲਿਆ ਦੇ ਉੱਤਰੀ ਗਾਰੋ ਪਹਾੜੀ ਜ਼ਿਲ੍ਹੇ ਦੇ ਬੋਲਮੇਡਾਂਗ ਖੇਤਰ ਵਿੱਚ ਸੋਮਵਾਰ ਨੂੰ ਇੱਕ ਜੀਪ ਪਲਟਣ ਕਾਰਨ ਘੱਟੋ-ਘੱਟ ਪੰਜ ਔਰਤਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਇਸ ਹਾਦਸੇ ‘ਚ 21 ਹੋਰ ਲੋਕ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਅਨੁਸਾਰ ਜੀਪ ਵਿੱਚ ਸਵਾਰ ਲੋਕ ਤ੍ਰਿਣਮੂਲ ਕਾਂਗਰਸ (TMC) ਦੀ ਚੋਣ ਰੈਲੀ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।
ਉੱਤਰੀ ਗਾਰੋ ਹਿਲਜ਼ ਜ਼ਿਲ੍ਹੇ ਦੇ ਪੁਲਿਸ ਮੁਖੀ ਸ਼ੈਲੇਂਦਰ ਬਾਮਨੀਆ ਨੇ ਦੱਸਿਆ ਕਿ ਜੀਪ ‘ਚ ਸਵਾਰ ਜ਼ਿਆਦਾਤਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਇਲਾਜ ਲਈ ਆਸਾਮ ਦੇ ਗੋਲਪਾੜਾ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਲੋਕ ਪਿਕਅੱਪ ‘ਚ TMC ਚੋਣ ਰੈਲੀ ‘ਚ ਸ਼ਾਮਲ ਹੋਣ ਲਈ ਖਰਕੂਟਾ ਵਿਧਾਨ ਸਭਾ ਹਲਕੇ ਦੇ ਪਿੰਡ ਅਦੋਗਰੇ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਇਸ ਇਕੱਠ ਨੂੰ ਸਾਬਕਾ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਡਾਕਟਰ ਮੁਕੁਲ ਸੰਗਮਾ ਸੰਬੋਧਨ ਕਰਨ ਜਾ ਰਹੇ ਸਨ।
ਇਹ ਵੀ ਪੜ੍ਹੋ : ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰ ਨੂੰ ਕੀਤਾ ਕਾਬੂ, ਨਸ਼ੀਲੀਆਂ ਗੋਲੀਆਂ, ਟੀਕੇ ਤੇ ਕੈਪਸੂਲ ਬਰਾਮਦ
ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਰੀਨਾ ਸੰਗਮਾ, ਸਬੀਨਾ ਮਾਰਕ, ਕੁਕਿਲਾ ਮੋਮਿਨ, ਟੇਸਾ ਸੰਗਮਾ ਅਤੇ ਸੋਸਿਨ ਮਾਰਕ ਵਜੋਂ ਹੋਈ ਹੈ। ਪੁਲਿਸ ਨੇ ਇਸ ਹਾਦਸੇ ਸਬੰਧੀ ਕੇਸ ਦਰਜ ਕਰ ਲਿਆ ਹੈ। ਪੁਲਿਸ ਬਾਮਨੀਆ ਨੇ ਦੱਸਿਆ ਕਿ ਸੜਕ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: