ਲਗਾਤਾਰ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਵਿਨ੍ਹ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਹੁਣ ਵਿਰੋਧੀ ਧਿਰ ਵੀ ਸਲਾਹ ਦੇਣ ਲੱਗੀ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸਿੱਧੂ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨਸੀਹਤ ਦਿੱਤੀ ਹੈ ਕਿ ਉਹ ਵਿਰੋਧੀ ਧਿਰ ਦੇ ਨੇਤਾ ਵਾਂਗ ਕੰਮ ਕਰਨਾ ਬੰਦ ਕਰ ਦੇਣ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਵੱਲੋਂ 2017 ਵਿੱਚ ਕੀਤੇ ਗਏ ਸਾਰੇ ਅਧੂਰੇ ਚੋਣ ਵਾਅਦਿਆਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਹੈ। 2017 ਵਿੱਚ ਕਾਂਗਰਸ ਦਾ 129 ਪੰਨਿਆਂ ਦਾ ਚੋਣ ਮਨੋਰਥ ਪੱਤਰ ਵੀ ਨਾਲ ਭੇਜਿਆ ਗਿਆ ਹੈ। ਚੱਢਾ ਦਾ ਕਹਿਣਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਨੇ ਇਸ ਨੂੰ ਆਪਣੀ ਅਧਿਕਾਰਤ ਵੈਬਸਾਈਟ ਤੋਂ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਧੂ ਦੀ ਸਰਕਾਰ ਹੈ, ਇਸ ਲਈ ਜਲਦੀ ਹੀ ਉਨ੍ਹਾਂ ਨੂੰ ਅਧੂਰੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।
ਪੰਜਾਬ ਦੇ ਸਹਿ-ਇੰਚਾਰਜ ਨੇ ਸਿੱਧੂ ਨੂੰ ਕਿਹਾ ਕਿ ਸੀਟ ਅਤੇ ਸੱਤਾ ਦੀ ਲੰਬੀ ਲੜਾਈ ਤੋਂ ਬਾਅਦ ਤੁਹਾਨੂੰ ਵਧਾਈ। ਤੁਸੀਂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਚਾਹੁੰਦੇ ਸੀ, ਜੋ ਤੁਹਾਨੂੰ ਮਿਲੀ, ਹਾਈਕਮਾਂਡ ਤੁਹਾਡੇ ਨਾਲ ਹੈ। ਤੁਹਾਨੂੰ ਸਾਰੇ ਕਾਂਗਰਸੀ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਕਾਂਗਰਸੀ ਵਰਕਰਾਂ ਦਾ ਵਿਸ਼ਵਾਸ ਤੁਹਾਡੇ ਨਾਲ ਹੈ। ਹੁਣ ਤੁਸੀਂ ਕਾਂਗਰਸ ਹੋ ਅਤੇ ਤੁਸੀਂ ਪੰਜਾਬ ਸਰਕਾਰ ਵੀ ਹੋ, ਇਸ ਲਈ 2017 ਵਿੱਚ ਕਾਂਗਰਸ ਦੇ ਸਾਰੇ 129 ਅਧੂਰੇ ਚੋਣ ਵਾਅਦਿਆਂ ਨੂੰ ਪੂਰਾ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਬਿਜਲੀ ਸਸਤੀ ਕਰਨ ਦੀ ਤਿਆਰੀ, ਨਵਜੋਤ ਸਿੱਧੂ ਨੇ ਵਿਧਾਇਕਾਂ ਨਾਲ ਕੀਤੀ ਮੀਟਿੰਗ
ਚੱਢਾ ਨੇ ਨਵਜੋਤ ਸਿੰਘ ਸਿੱਧੂ ਨੂੰ ਇਹ ਕਿਹਾ ਕਿ ਉਹ ਫਿਰ ਲੋਕਾਂ ਨੂੰ ਦੁਬਾਰਾ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿ ਜੇਕਰ ਸੂਬੇ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣੀ ਤਾਂ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਮੌਜੂਦਾ ਸਰਕਾਰ ਕਾਂਗਰਸ ਦੀ ਹੈ। ਤੁਹਾਡੇ ਕੋਲ ਆਪਣੇ ਵਾਅਦੇ ਪੂਰੇ ਕਰਨ ਲਈ ਸਿਰਫ ਛੇ ਮਹੀਨੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲਾਂ ਦੌਰਾਨ ਨਾ ਤਾਂ ਡਰੱਗ ਮਾਫ਼ੀਆ ਜੇਲ੍ਹ ਗਏ, ਨਾ ਹੀ ਬੇਅਦਬੀ ਮਾਮਲੇ ਵਿੱਚ ਇਨਸਾਫ਼ ਦਿੱਤਾ ਗਿਆ, ਨਾ ਹੀ ਮਾਫ਼ੀਆ ਰਾਜ ਖ਼ਤਮ ਹੋਇਆ ਅਤੇ ਨਾ ਹੀ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਹੱਲ ਹੋਈਆਂ। ਇਹ ਨਵਜੋਤ ਸਿੱਧੂ ਖੁਦ ਵੀ ਇਹ ਕਹਿੰਦੇ ਹਨ।