After a minor altercation : ਪਟਿਆਲਾ ਵਿੱਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪਤੀ- ਪਤਨੀ ਵਿੱਚ ਮਾਮੂਲੀ ਗੱਲ ’ਤੇ ਝਗੜਾ ਹੋਣ ’ਤੇ ਗੁੱਸੇ ਵਿੱਚ ਆਏ ਪਤੀ ਨੇ ਆਪਣੀ ਪਤਨੀ ਉੱਤੇ ਤੇਜ਼ਾਬ ਪਾ ਦਿੱਤਾ। ਇੱਕ ਥੋੜ੍ਹੀ ਦੇਰ ਦੇ ਝਗੜੇ ਨੇ ਔਰਤ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਔਰਤ ਇੰਨੀ ਬੁਰੀ ਤਰ੍ਹਾਂ ਝੁਲਸ ਗਈ ਕਿ ਉਸ ਦਾ ਪੂਰਾ ਚਿਹਰਾ ਸੜ ਗਿਆ ਅਤੇ ਉਸ ਦੀਆਂ ਤਸਵੀਰਾਂ ਵੀ ਸਿੱਧੇ ਤੌਰ ‘ਤੇ ਨਹੀਂ ਦਿਖਾਈਆਂ ਜਾ ਸਕਦੀਆਂ ਹਨ। ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਉਥੇ ਹੀ ਪੁਲਿਸ ਵੱਲੋਂ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਬਾਰੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਔਰਤ ਨੰਦਾ ਨੇ ਦੱਸਿਆ ਕਿ ਉਸ ਦੇ ਪਤੀ ਨਾਲ ਉਸ ਦੀ ਨਹੀਂ ਬਣਦੀ ਹੈ। ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਝਗੜਾ ਹੋਇਆ ਸੀ, ਜਿਸ ’ਤੇ ਗੁੱਸੇ ਵਿੱਚ ਆ ਕੇ ਉਸ ਦੇ ਪਤੀ ਗਣੇਸ਼ ਨੇ ਉਸ ’ਤੇ ਤੇਜਾਬ ਪਾ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ ਐਚ ਓ ਕੋਤਵਾਲੀ ਨੇ ਦੱਸਿਆ ਕਿ ਪੀੜਤ ਔਰਤ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਦੋਸ਼ੀ ਪਤੀ ਐਸ ਆਈ ਮੇਵਾ ਸਿੰਘ ਨੇ ਮੁਕੱਦਮਾ ਨੰਬਰ 263 ਅੰਡਰ ਸੈਕਸ਼ਨ 326 ਏ 307 ਆਈਪੀਸੀ ਥਾਣਾ ਕੋਤਵਾਲੀ ਪਟਿਆਲਾ ਵਖੇ ਰਜਿਸਟਰ ਕੀਤਾ ਹੈ।
ਐਸ ਐਚ ਓ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਣੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦਾ ਦੋ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਰਿਮਾਂਡ ਲੈਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਪੀੜਤ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਵੱਲੋਂ ਦੋਸ਼ੀ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਨੂੰ ਦੇਖਦੇ ਹੋਏ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਔਰਤ ਨਾਲ ਇੱਕ ਪਾਸੇ ਤਾਂ ਜਿਥੇ ਘਰ ਤੋਂ ਬਾਹਰ ਕਈ ਵਾਰਦਾਤਾਂ ਹੋ ਰਹੀਆਂ ਹਨ, ਉਥੇ ਹੀ ਔਰਤ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਹੈ, ਘਰ ਵਿੱਚ ਵੀ ਉਹ ਕਈ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀ ਹੈ।