ਪੂਰੀ ਦੁਨੀਆ ਵਿੱਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਪਲੇਟਫਾਰਮ ਲਗਭਗ 6 ਘੰਟਿਆਂ ਤੱਕ ਬੰਦ ਰਹੇ, ਜਿਸ ਕਾਰਨ ਅਰਬਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਸਮੱਸਿਆ ਸੋਮਵਾਰ ਰਾਤ ਕਰੀਬ 9.15 ਵਜੇ ਸਾਹਮਣੇ ਆਈ।
ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਟਵਿੱਟਰ ‘ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਆਊਟੇਜ ਦਾ ਅਸਰ ਅਮਰੀਕੀ ਬਾਜ਼ਾਰ ਵਿੱਚ ਫੇਸਬੁੱਕ ਦੇ ਸ਼ੇਅਰਾਂ ਉੱਤੇ ਵੀ ਦਿਖਾਈ ਦਿੱਤਾ ਅਤੇ ਕੰਪਨੀ ਦੇ ਸ਼ੇਅਰ 6%ਡਿੱਗ ਗਏ। ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ ਦੇ ਵਿਸ਼ਵ ਭਰ ਵਿੱਚ 2.85 ਅਰਬ ਮਾਸਿਕ ਕਿਰਿਆਸ਼ੀਲ ਯੂਜ਼ਰਸ ਹਨ, ਜਦ ਕਿ ਵਟਸਐਪ ਦੇ 2 ਅਰਬ ਅਤੇ ਇੰਸਟਾਗ੍ਰਾਮ ਦੇ 1.38 ਅਰਬ ਯੂਜ਼ਰਸ ਹਨ।
ਆਊਟੇਜ ਦੀ ਸਮੱਸਿਆ ਕਈ ਘੰਟਿਆਂ ਬਾਅਦ ਵੀ ਬਣੀ ਰਹੀ, ਅਜਿਹੀ ਸਥਿਤੀ ਵਿੱਚ ਲੋਕ ਨਾ ਤਾਂ ਮੈਸਜ ਭੇਜਣ ਅਤੇ ਨਾ ਹੀ ਪ੍ਰਾਪਤ ਕਰਨ ਦੇ ਯੋਗ ਸਨ। ਦੱਸਿਆ ਗਿਆ ਕਿ ਕੰਪਨੀ ਦੇ ਸਰਵਰ ਡਾਊਨ ਹੋਣ ਕਾਰਨ ਇਹ ਸਮੱਸਿਆ ਆਈ ਹੈ। ਆਊਟੇਜ ਟਰੈਕਿੰਗ ਕੰਪਨੀ Downdetector.com ਦੇ ਅਨੁਸਾਰ, ਦੁਨੀਆ ਭਰ ਵਿੱਚ 10.6 ਕਰੋੜ ਯੂਜ਼ਰਸ ਨੇ ਸੇਵਾਵਾਂ ਬੰਦ ਹੋਣ ਬਾਰੇ ਸ਼ਿਕਾਇਤਾਂ ਦਰਜ ਕੀਤੀਆਂ ਸਨ। ਫੇਸਬੁੱਕ ਅਤੇ ਵਟਸਐਪ ਨੇ ਸਪੱਸ਼ਟ ਕੀਤਾ ਹੈ ਕਿ ਫੇਸਬੁੱਕ ਤਿੰਨੋਂ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦਾ ਮਾਲਕ ਹੈ। ਸੇਵਾ ਬੰਦ ਹੋਣ ਤੋਂ ਬਾਅਦ, ਫੇਸਬੁੱਕ ਨੇ ਕਿਹਾ ਹੈ ਕਿ ਕੁਝ ਲੋਕਾਂ ਨੂੰ ਐਪ ਦੀ ਵਰਤੋਂ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਅਸੀਂ ਇਸ ਲਈ ਮੁਆਫੀ ਮੰਗਦੇ ਹਾਂ। ਜਲਦੀ ਹੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵਟਸਐਪ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਸਾਨੂੰ ਪਤਾ ਹੈ ਕਿ ਇਸ ਸਮੇਂ ਕੁਝ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।