ਏਸ਼ੀਆ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਬੀਸੀਸੀਆਈ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਟਕਰਾਅ ਤੇ ਖਿੱਚੋਤਾਣ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਦੋਵਾਂ ਕ੍ਰਿਕਟ ਬੋਰਡਾਂ ਵਿਚਾਲੇ ਚੱਲ ਰਹੇ ਡੈੱਡਲਾਕ ਕਾਰਨ ਏਸ਼ੀਆ ਕੱਪ 2023 ਮੁਸ਼ਕਿਲਾਂ ‘ਚ ਘਿਰਦਾ ਨਜ਼ਰ ਆ ਰਿਹਾ ਸੀ। ਪਰ ਹੁਣ ਟੂਰਨਾਮੈਂਟ ਦੇ ਆਯੋਜਨ ਦਾ ਰਸਤਾ ਸਾਫ਼ ਹੋ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਟੂਰਨਾਮੈਂਟ ਲਈ ਪੀਸੀਬੀ ਦੇ ਪ੍ਰਸਤਾਵਿਤ ਹਾਈਬ੍ਰਿਡ ਮਾਡਲ ਨੂੰ ਏਸ਼ੀਆਈ ਕ੍ਰਿਕਟ ਕੌਂਸਲ ਦੀ ਆਗਾਮੀ ਮੀਟਿੰਗ ਵਿੱਚ ਮਨਜ਼ੂਰੀ ਮਿਲਣਾ ਤੈਅ ਹੋ ਗਿਆ ਹੈ। ਇਸ ਦਾ ਅਸਰ ਵਿਸ਼ਵ ਕੱਪ ‘ਤੇ ਵੀ ਪਵੇਗਾ ਅਤੇ ਹੁਣ ਪਾਕਿਸਤਾਨੀ ਟੀਮ ਦਾ ਵਿਸ਼ਵ ਕੱਪ ਲਈ ਭਾਰਤ ਆਉਣ ਦਾ ਰਸਤਾ ਲਗਭਗ ਸਾਫ਼ ਹੋ ਗਿਆ ਹੈ।
ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ 13 ਜੂਨ ਨੂੰ ਟੂਰਨਾਮੈਂਟ ਦੇ ਹਾਈਬ੍ਰਿਡ ਮਾਡਲ ਬਾਰੇ ਕੌਂਸਲ ਵੱਲੋਂ ਅਧਿਕਾਰਤ ਐਲਾਨ ਹੋ ਜਾਵੇਗਾ, ਜਿਸ ਵਿੱਚ ਪਾਕਿਸਤਾਨ ਦੇ ਨਾਲ ਸ੍ਰੀਲੰਕਾ ਵਿੱਚ ਹੋਣ ਵਾਲੇ ਏਸ਼ੀਆ ਕੱਪ ਦੇ ਆਯੋਜਨ ਰਸਮੀ ਤੌਰ ’ਤੇ ਹਰੀ ਝੰਡੀ ਮਿਲ ਜਾਏਗੀ। ਇਹ ਟੂਰਨਾਮੈਂਟ ਸਤੰਬਰ ਵਿੱਚ ਹੋਣ ਦੀ ਸੰਭਾਵਨਾ ਹੈ।
ਰਿਪੋਰਟਾਂ ਮੁਤਾਬਕ ਪਾਕਿਸਤਾਨ ਨੇ ਆਪਣੇ ਘਰ ਵਿੱਚ ਏਸ਼ੀਆ ਕੱਪ ਦੇ 4 ਮੈਚ ਕਰਾਉਣ ਦਾ ਪ੍ਰਸਤਾਵ ਦਿਤਾ ਸੀ, ਜਿਸ ਨੂੰ ਮਨਜ਼ੂਰੀ ਮਿਲਣਾ ਤੈਅ ਹੈ। ਇਹ ਮੁਕਾਬਲੇ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਹੋਣਗੇ। ਇਸ ਵਿੱਚ ਪਾਕਿਸਤਾਨ-ਨੇਪਾਲ, ਅਫ਼ਗਾਨਿਸਤਾਨ-ਸ਼੍ਰੀਲੰਕਾ, ਬੰਗਲਾਦੇਸ਼-ਅਫ਼ਗਾਨਿਸਤਾਨ ਅਤੇ ਸ਼੍ਰੀਲੰਕਾ-ਬੰਗਲਾਦੇਸ਼ ਦੇ ਮੈਚ ਹੋਣਗੇ। ਬਾਕੀ ਬਚੇ ਮੁਕਾਬਲੇ ਸ਼੍ਰੀਲੰਕਾ ਵਿੱਚ ਖੇਡੇ ਜਾਣਗੇ। ਇਸ ਵਿੱਚ ਟੀਮ ਇੰਡੀਆ ਦੇ ਸਾਰੇ ਮੈਚ ਸ਼ਾਮਲ ਹਨ। ਇਸ ਤੋਂ ਇਲਾਵਾ ਫਾਈਨਲ ਵੀ ਸ਼੍ਰੀਲੰਕਾ ਵਿੱਚ ਹੀ ਖੇਡਿਆ ਜਾਵੇਗਾ। ਪੀਸੀਬੀ ਅਤੇ ਬੀਸੀਸੀਆਈ ਵਿਚਾਲੇ ਚੱਲ ਰਹੀ ਖਇੱਚੋਤਾਣ ਦੂਰ ਹੋਣ ਨਾਲ ਆਈਸੀਸੀ ਵੀ ਚੈਨ ਦਾ ਸਾਹ ਲਵੇਗੀ।
ਇਹ ਵੀ ਪੜ੍ਹੋ : ਚੰਨੀ ਦੀ ਥੀਸਿਸ ‘ਤੇ BJP ਨੇ ਕਾਂਗਰਸ ਨੂੰ ਘੇਰਿਆ, ਮੱਲਿਕਾਰੁਜਨ ਤੋਂ ਮੰਗਿਆ ਜਵਾਬ-‘ਕੀ ਸਾਬਕਾ CM ਦੇ ਦੋਸ਼ ਸਹੀ’
ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਏਸ਼ੀਆ ਕੱਪ ਨੂ੍ ਲੈ ਕੇ ਦਿੱਤੇ ਗਏ ਹਾਈਬ੍ਰਿਡ ਪ੍ਰਸਤਾਵ ਦੇ ਮਨਜ਼ੂਰ ਹੋਣ ਦੇ ਨਾਲ ਹੀ ਵਨਡੇ ਵਰਲਡ ਕੱਪ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਰਹੇਗੀ ਅਤੇ ਪਾਕਿਸਤਾਨ ਦੀ ਟੀਮ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਭਾਰਤ ਆਉਣ ਲਈ ਤਿਆਰ ਹੋਵੇਗੀ। ਇਸ ਵਿਵਾਦ ਦੇ ਸੁਲਝਣ ਤੋਂ ਬਾਅਦ ਵਿਸ਼ਵ ਕੱਪ ਦੇ ਸ਼ੈਡਿਊਲ ਨੂੰ ਜਾਰੀ ਕਰਨ ਵਿੱਚ ਹੋ ਰਹੀ ਦੇਰ ਵੀ ਖ਼ਤਮ ਹੋਣ ਦੀ ਅੁਮੀਦ ਹੈ ਅਤੇ ਅਗਲੇ ਹਫਤੇ ਤੱਕ ਇਸ ਦਾ ਰਸਮੀ ਐਲਾਨ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: