ਵੋਟਾਂ ਦੀ ਗਿਣਤੀ ਤੋਂ ਪਹਿਲਾਂ ਤ੍ਰਿਕੋਣੀ ਗਠਜੋੜ ਦੇ ਅਹਿਮ ਸਹਿਯੋਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਾਉਣ ਲਈ ਤਾਣਾ-ਬਾਣਾ ਬੁਣਨ ‘ਚ ਲੱਗ ਗਏ ਹਨ। ਦਿੱਲੀ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਉਨ੍ਹਾਂ ਨੂੰ ਮਿਲਣ ਸਿਸਵਾਂ ਫਾਰਮ ਹਾਊਸ ਪੁੱਜੇ, ਜਿਥੇ ਦੋ ਘੰਟਿਆਂ ਤੱਕ ਸ਼ੇਖਾਵਤ ਨਾਲ ਚਰਚਾ ਕੀਤੀ। ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਬਹੁਮਤ ਸਾਬਤ ਕਰਕੇ ਫਲੋਰ ਟੈਸਟ ਦੀ ਵਿਵਸਥਾ ਕਰਾਂਗੇ।
ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਖਾਰਜ ਕਰਕੇ ਕੈਪਟਨ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਵਿਚ ਭਾਜਪਾ ਦੀ ਗਠਜੋੜ ਸਰਕਾਰ ਬਣਾਉਣ ਦਾ ਦਾਅਵਾ ਕਰ ਚੁੱਕੇ ਹਨ। ਦੂਜੇ ਪਾਸੇ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰੀਤਪਾਲ ਬਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਚੋਣ ਨਤੀਜਿਆਂ ਵਿਚ ਗਠਜੋੜ ਸਰਕਾਰ ਬਣਾਏਗੀ ਜਿਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵਜੋਂ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕੱਲ੍ਹ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਜਦੋਂ ਕਿ ਇਸ ਸਬੰਧ ਵਿਚ ਭਾਜਪਾ ਦੇ ਪੰਜਾਬ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੀ ਕੈਪਟਨ ਨਾਲ ਮੁਲਾਕਾਤ ਕਰਨ ਪੁੱਜੇ।
ਪਾਰਟੀ ਨੇਤਾ ਨੇ ਕਿਹਾ ਕਿ ਕੈਪਟਨ ਕਈ ਵਿਧਾਇਕਾਂ ਦੇ ਰਾਜਨੀਤਕ ਗੁਰੂ ਹਨ ਤੇ ਉਨ੍ਹਾਂ ਦੇ ਗਠਜੋੜ ਦੇ ਸਭ ਤੋਂ ਵੱਡੇ ਨੇਤਾ ਹਨ ਜੋ ਸਾਢੇ 9 ਸਾਲ ਤੱਕ ਮੁੱਖ ਮੰਤਰੀ ਰਹੇ ਤੇ ਗਠਜੋੜ ਦੀ ਅਗਵਾਈ ਕਰਨਗੇ। ਪੰਜਾਬ ਦੇ ਐਗਜ਼ਿਟ ਪੋਲ ਬਾਰੇ ਉਨ੍ਹਾਂ ਕਿਹਾ ਕਿ ਇਹ ਸਟੀਕ ਪੋਲ ਨਹੀਂ ਹੈ। ਅਸੀਂ ਬਹੁਮਤ ਦੇ ਨੇੜੇ ਹਾਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 2017 ‘ਚ ਕਾਂਗਰਸ ਦੇ ਜਿੱਤੇ 77 ਵਿਧਾਇਕਾਂ ‘ਚੋਂ 76 ਵਿਧਾਇਕਾਂ ਨੂੰ ਕੈਪਟਨ ਨੇ ਟਿਕਟ ਦਿੱਤਾ ਸੀ ਅਤੇ ਉਹ ਸਾਰੇ ਜਿੱਤੇ ਹੋਏ ਵਿਧਾਇਕਾਂ ਦੇ ਸੰਪਰਕ ‘ਚ ਹਨ।
ਵੀਡੀਓ ਲਈ ਕਲਿੱਕ ਕਰੋ -: