ਚੀਨ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਲਗਾਤਾਰ ਵੱਖਰੇ-ਵੱਖਰੇ ਤਜਰਬੇ ਕਰ ਰਿਹਾ ਹੈ। ਹਾਲ ਹੀ ‘ਚ ਚੀਨੀ ਵਿਗਿਆਨੀਆਂ ਵੱਲੋਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਲੋਨਿੰਗ ਰਾਹੀਂ ਤਿੰਨ ‘ਸੁਪਰ ਗਾਵਾਂ’ ਤਿਆਰ ਕੀਤੀਆਂ ਹਨ। ਇਹ ਗਾਵਾਂ ਆਪਣੀ ਪੂਰੀ ਜ਼ਿੰਦਗੀ ਵਿੱਚ 100 ਟਨ ਯਾਨੀ 2 ਲੱਖ 83 ਹਜ਼ਾਰ ਲੀਟਰ ਦੁੱਧ ਦੇ ਸਕਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਤਿੰਨੋਂ ਗਾਵਾਂ ਦਾ ਪ੍ਰਜਨਨ ਨਾਰਥਵੈਸਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤਾ ਹੈ।
ਜਾਣਕਾਰੀ ਅਨੁਸਾਰ ਇਹ ਤਿੰਨ ‘ਸੁਪਰ ਗਾਵਾਂ’ ਦੇ ਵੱਛੇ ਪਿਛਲੇ ਦੋ ਮਹੀਨਿਆਂ ਵਿੱਚ ਨਿੰਗਜ਼ੀਆ ਇਲਾਕੇ ਵਿੱਚ ਪੈਦਾ ਹੋਏ ਸਨ। ਇਹ ਸਾਰੇ ਨੀਦਰਲੈਂਡ ਤੋਂ ਆਉਣ ਵਾਲੀ ਹੋਲਸਟੀਨ ਫ੍ਰੀਜ਼ੀਅਨ ਗਾਂ ਦੇ ਕਲੋਨ ਹਨ। ਵਿਗਿਆਨੀਆਂ ਦੇ ਅਨੁਸਾਰ, ਇੱਕ ਸੁਪਰ ਗਊ ਇੱਕ ਸਾਲ ਵਿੱਚ 18 ਟਨ ਯਾਨੀ 16.3 ਹਜ਼ਾਰ ਲੀਟਰ ਦੁੱਧ ਦੇਣ ਦੇ ਸਮਰੱਥ ਹੈ। ਇਹ ਅਮਰੀਕਾ ਦੀ ਆਮ ਗਾਂ ਨਾਲੋਂ 1.7 ਗੁਣਾ ਵੱਧ ਹੈ।
ਪ੍ਰੋਜੈਕਟ ਲੀਡ ਜਿਨ ਯਾਪਿੰਗ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਚੰਗੀ ਨਸਲ ਦੀਆਂ ਗਾਵਾਂ ਦੇ ਕੰਨ ਦੇ ਸੈੱਲ ਕੱਢੇ ਗਏ। ਫਿਰ ਇਨ੍ਹਾਂ ਤੋਂ ਭਰੂਣ ਤਿਆਰ ਕੀਤੇ ਗਏ ਅਤੇ 120 ਗਾਵਾਂ ਵਿੱਚ ਲਗਾਏ ਗਏ। ਇਨ੍ਹਾਂ ਵਿੱਚੋਂ 42% ਗਾਵਾਂ ਗਰਭਵਤੀ ਹੋ ਗਈਆਂ ਹਨ। ਇਸ ਸਮੇਂ ਤਿੰਨ ਸੁਪਰ ਗਾਵਾਂ ਨੇ ਜਨਮ ਲਿਆ ਹੈ, ਜਦੋਂ ਕਿ ਅਗਲੇ ਦਿਨਾਂ ਵਿੱਚ 17.5% ਵੱਛੇ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਗਲੇ 2-3 ਸਾਲਾਂ ਵਿੱਚ ਚੀਨ ‘ਚ ਇੱਕ ਹਜ਼ਾਰ ਸੁਪਰ ਗਾਵਾਂ ਪੈਦਾ ਕੀਤੀਆਂ ਜਾਣਗੀਆਂ। ਇਸ ਦਾ ਵੱਧ ਤੋਂ ਵੱਧ ਲਾਭ ਡੇਅਰੀ ਉਦਯੋਗ ਨੂੰ ਮਿਲੇਗਾ।
ਇਹ ਵੀ ਪੜ੍ਹੋ : BSF ਨੂੰ ਮਿਲੀ ਵੱਡੀ ਕਾਮਯਾਬੀ, ਫ਼ਾਜ਼ਿਲਕਾ ਸਰਹੱਦ ‘ਤੇ ਹੈਰੋਇਨ ਦੇ 3 ਪੈਕੇਟ ਬਰਾਮਦ
ਚੀਨੀ ਵਿਗਿਆਨੀ ਨੇ ਕਿਹਾ ਕਿ ਇਸ ਕਲੋਨ ਤੋਂ ਪੈਦਾ ਹੋਈਆਂ ਸੁਪਰ ਗਾਵਾਂ ਦੇ ਟਿਸ਼ੂਆਂ ਨੂੰ ਸੁਰੱਖਿਅਤ ਰੱਖੇਗੀ, ਤਾਂ ਜੋ ਆਉਣ ਵਾਲੇ ਸਮੇਂ ‘ਚ ਉਹ ਵੱਧ ਤੋਂ ਵੱਧ ਸੁਪਰ ਗਾਵਾਂ ਪੈਦਾ ਕਰ ਸਕਣ। ਵਰਤਮਾਨ ਵਿੱਚ, ਚੀਨ ਵਿੱਚ ਹਰ 10,000 ਗਾਵਾਂ ਵਿੱਚੋਂ ਸਿਰਫ 5 ਹੀ ਆਪਣੇ ਜੀਵਨ ਕਾਲ ਵਿੱਚ 100 ਟਨ ਦੁੱਧ ਦੇਣ ਦੇ ਯੋਗ ਹਨ। ਇਸ ਤੋਂ ਇਲਾਵਾ ਚੀਨ ਵਿੱਚ ਇਸ ਸਮੇਂ 66 ਲੱਖ ਗਾਵਾਂ ਹਨ। ਇਨ੍ਹਾਂ ਵਿੱਚੋਂ 70 ਫੀਸਦੀ ਗਾਵਾਂ ਵਿਦੇਸ਼ਾਂ ਤੋਂ ਮੰਗਵਾਈਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: