ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ। ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਬ੍ਰਿਟਿਸ਼ ਕੌਂਸਲ ਐਜੂਕੇਸ਼ਨ ਇੰਡੀਆ ਪ੍ਰਾਈਵੇਟ ਲਿਮੀਟਿਡ (BCEIPL) ਨਾਲ ਸਮਝੌਤੇ ਉਤੇ ਦਸਤਖ਼ਤ ਕੀਤੇ ਗਏ ਹਨ। ਇਸ ‘ਤੇ ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਅਮਰਪਾਲ ਸਿੰਘ ਅਤੇ ਬ੍ਰਿਟਿਸ਼ ਕੌਂਸਲ ਦੇ MD ਡੰਕਨ ਵਿਲਸਨ ਨੇ CM ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਚੰਡੀਗੜ੍ਹ ਵਿੱਚ ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਕੈਰੋਲਾਈਨ ਰੋਵੈਟ ਨੇ ਹਸਤਾਖ਼ਰ ਕੀਤੇ।
ਇਹ ਸਮਝੌਤਾ ਨੇਪਰੇ ਚੜ੍ਹਨ ਉਤੇ ਉਚੇਰੀ ਸਿੱਖਿਆ ਵਿਭਾਗ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਇਹ ਦਿਨ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਉਚੇਰੀ ਸਿੱਖਿਆ ਵਿਭਾਗ ਅਧੀਨ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਲਈ ‘ਇੰਗਲਿਸ਼ ਫਾਰ ਵਰਕ’ ਲਈ ਸਿਖਲਾਈ ਕੋਰਸ ਸ਼ੁਰੂ ਕਰਨ ਦਾ ਰਾਹ ਪੱਧਰਾ ਹੋਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ਤੋਂ ਹੁਨਰਮੰਦ ਨੌਜਵਾਨਾਂ ਦੇ ਪਰਵਾਸ ਦੇ ਰੁਝਾਨ ਨੂੰ ਪੁੱਠਾ ਗੇੜਾ ਦੇਣ ਦੀ ਦਿਸ਼ਾ ਵਿੱਚ ਇਹ ਇਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਨੌਜਵਾਨਾਂ ਵਿੱਚ ਰੋਜ਼ਗਾਰ ਪੱਖੀ ਮੁਹਾਰਤ ਨਵਿਆਉਣ ਵਿੱਚ ਮਦਦ ਮਿਲੇਗੀ ਅਤੇ ਨੌਜਵਾਨਾਂ ਨੂੰ ਆਪਣੇ ਲਈ ਨੌਕਰੀਆਂ ਦੇ ਵੱਧ ਮੌਕੇ ਹਾਸਲ ਕਰ ਸਕਣਗੇ। ਉਨ੍ਹਾਂ ਅੱਗੇ ਨੇ ਆਖਿਆ ਕਿ ਇਸ ਪ੍ਰਾਜੈਕਟ ਦੇ ਹਿੱਸੇ ਵਜੋਂ ਵਿਦਿਆਰਥੀ ਕੰਮ ਲਈ ਅੰਗਰੇਜ਼ੀ ਦੇ ਇਕ ‘ਲੈਵਲ’ ਦੀ ਪੜ੍ਹਾਈ ਕਰਨਗੇ, ਜਿਸ ਨਾਲ ਅੰਗਰੇਜ਼ੀ ਜਾਣਨ ਕਰ ਕੇ ਉਨ੍ਹਾਂ ਵਿੱਚ ਰੋਜ਼ਗਾਰ ਪੱਖੀ ਮੁਹਾਰਤ ਪੈਦਾ ਹੋਵੇਗੀ।
ਇਹ ਵੀ ਪੜ੍ਹੋ : ਜਲੰਧਰ ਦੀ ਨੇਹਾ ਵਿਸ਼ਵ ਯੂਨੀਵਰਸਿਟੀ ਖੇਡਾਂ ‘ਚ ਲਵੇਗੀ ਹਿੱਸਾ, ਹੁਣ ਤੱਕ ਜਿੱਤ ਚੁੱਕੀ ਹੈ 15 ਤੋਂ ਵੱਧ ਮੈਡਲ
ਮੁੱਖ ਮੰਤਰੀ ਨੇ ਕਿਹਾ ਕਿ ‘ਇੰਗਲਿਸ਼ ਫਾਰ ਵਰਕ’ ਇਕ ਅਜਿਹਾ ਮਿਸ਼ਰਤ ਕੋਰਸ ਹੈ, ਜਿਸ ਵਿੱਚ ਕੰਮ ਵਰਗੇ ਅਸਲ ਹਾਲਾਤ ਵਿੱਚ ਵਰਤੀ ਜਾਣ ਵਾਲੀ ਅੰਗਰੇਜ਼ੀ ਭਾਸ਼ਾ ਸਿੱਖਣ ਉਤੇ ਧਿਆਨ ਕੇਂਦਰਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ ਸੁਣਨ, ਪੜ੍ਹਨ, ਲਿਖਣ ਅਤੇ ਬੋਲਣ ਸਮੇਤ ਵਿਆਕਰਨ, ਮੁਹਾਰਨੀ ਅਤੇ ਸ਼ਬਦਾਵਲੀ ਉਤੇ ਧਿਆਨ ਦਿੱਤਾ ਜਾਵੇਗਾ। CM ਮਾਨ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਇਹ ਪ੍ਰਾਜੈਕਟ ਵਿਦਿਅਕ ਸੈਸ਼ਨ 2023-24 ਤੋਂ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਪੰਜ ਹਜ਼ਾਰ ਵਿਦਿਆਰਥੀਆਂ ਲਈ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਹੋਵੇਗਾ।
ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਸ ਨਾਲ ਵਿਦਿਆਰਥੀ ਪੇਸ਼ੇਵਰ ਹਾਲਾਤ ਵਿੱਚ ਸਵੈ-ਵਿਸ਼ਵਾਸ ਨਾਲ ਆਪਣੀ ਗੱਲ ਕਹਿਣ ਲਈ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਭਗਵੰਤ ਮਾਨ ਨੇ ਅੱਗੇ ਆਖਿਆ ਕਿ ਇਸ ਵਿੱਚ ਇਕ ਅਗਾਊਂ ਮੁਲਾਂਕਣ ਪ੍ਰੀਖਿਆ ਹੋਵੇਗੀ ਤਾਂ ਕਿ ਵਿਦਿਆਰਥੀਆਂ ਦੇ ਮੌਜੂਦਾ ਪੱਧਰ ਦਾ ਪਤਾ ਲਗਾਇਆ ਜਾਵੇ। ਕੋਰਸ ਮੁਕੰਮਲ ਹੋਣ ‘ਤੇ ਵਿਦਿਆਰਥੀਆਂ ਦਾ ਇਕ ਵਾਰ ਫਿਰ ਮੁਲਾਂਕਣ ਹੋਵੇਗਾ, ਜਿਸ ਮਗਰੋਂ ਉਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: