ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਸੀਟ ਤੋਂ ਚੋਣ ਲੜਨਗੇ ਇਸ ਦਾ ਐਲਾਨ ਤਾਂ ਹੋ ਚੁੱਕਾ ਹੈ ਪਰ ਹੁਣ ਚੰਨੀ ਲਈ ਇੱਕ ਹੋਰ ਸੀਟ ਦਾ ਐਲਾਨ ਹੋ ਸਕਦਾ ਹੈ। ਕਾਂਗਰਸ ਸੀ. ਐਆਮ. ਚੰਨੀ ਨੂੰ ਦੋ ਸੀਟਾਂ ਤੋਂ ਚੋਣ ਲੜਾਉਣਾ ਚਾਹੁੰਦੀ ਹੈ। ਚਮਕੌਰ ਸਾਹਿਬ ਸੀਟ ਤੋਂ ਬਾਅਦ ਬਰਨਾਲਾ ਸੀਟ ਤੋਂ ਵੀ ਚੰਨੀ ਨੂੰ ਉਤਾਰਨ ਦੀ ਤਿਆਰੀ ਹੈ। ਸਿੱਧੂ ਤੇ ਚੰਨੀ ਦੋਵੇਂ ਹੀ ਨੇਤਾਵਾਂ ਨੇ ਇਸ਼ਾਰਿਆਂ ਵਿਚ ਸੀ. ਐੱਮ. ਉਮੀਦਵਾਰ ਬਣਨ ਦੀ ਇੱਛਾ ਹਾਈਕਮਾਨ ਨੂੰ ਜ਼ਾਹਿਰ ਕਰ ਦਿੱਤੀ ਹੈ।
ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿਚ ਚੰਨੀ ਦੇ ਦੋ ਸੀਟਾਂ ਤੋਂ ਚੋਣ ਲੜਨ ਉਤੇ ਆਖਰੀ ਫੈਸਲਾ ਲਿਆ ਜਾਵੇਗਾ। ਸੂਤਰਾਂ ਮੁਤਾਬਕ ਚੰਨੀ ਨੂੰ ਦੋ ਸੀਟਾਂ ਤੋਂ ਲੜਾਉਣ ਦੀ ਰਣਨੀਤੀ ਦੀ ਵਜ੍ਹਾ ਚਮਕੌਰ ਸਾਹਿਬ ਤੋਂ ਚੰਨੀ ਦੀ ਕਮਜ਼ੋਰ ਸਥਿਤੀ ਨਹੀਂ ਹੈ ਸਗੋਂ ਪਾਰਟੀ ਚੰਨੀ ਦੇ ਸਹਾਰੇ ਮਾਲਵਾ ਖੇਤਰ ਵਿਚ ਮਜ਼ਬੂਤੀ ਹਾਸਲ ਕਰਨਾ ਚਾਹੁੰਦੀ ਹੈ। ਭਾਜਪਾ ਲਗਾਤਾਰ ਦੋਸ਼ ਲਗਾ ਰਹੀ ਹੈ। ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਚੰਨੀ ਨੂੰ ਸੁਰੱਖਿਅਤ ਸੀਟ ਤੋਂ ਚੋਣ ਲੜਾਉਣਾ ਚਾਹੁੰਦੀ ਹੈ। ਇਸ ਦਰਮਿਆਨ ਵੱਡਾ ਸਵਾਲ ਇਹ ਹੈ ਕਿ ਜੇਕਰ ਚੰਨੀ ਦੋ ਸੀਟਾਂ ਤੋਂ ਚੋਣਾਂ ਲੜਨਗੇ ਤਾਂ ਕੀ ਇਸ ਦਾ ਮਤਲਬ ਇਹੀ ਹੈ ਕਿ ਪੰਜਾਬ ਵਿਚ ਚੰਨੀ ਹੀ ਕਾਂਗਰਸ ਦੇ ਸੀ. ਐੱਮ. ਉਮੀਦਵਾਰ ਹੋਣਗੇ।
ਚਮਕੌਰ ਸਾਹਿਬ ਤੋਂ ਇਲਾਵਾ ਦੂਜੀ ਸੀਟ ਤੋਂ ਚੋਣ ਲੜਨ ਦੇ ਸਵਾਲ ਉਤੇ ਚੰਨੀ ਨੇ ਇਨਕਾਰ ਵੀ ਨਹੀਂ ਕੀਤਾ, ਸਗੋਂ ਇਹ ਦਲੀਲ ਦਿਤੀ ਕਿ ਪਾਰਟੀ ਨੇ ਪਿਛਲੀ ਵਾਰ ਵੀ ਮੁੱਖ ਮੰਤਰੀ ਉਮੀਦਵਾਰ ਨੂੰ ਦੋ ਸੀਟਾਂ ਤੋਂ ਲੜਾਇਆ ਸੀ। ਸਾਫ ਹੈ ਕਿ ਚੰਨੀ ਤੇ ਸਿੱਧੂ ਦੋਵਾਂ ਦੇ ਮਨ ਵਿਚ ਸੀ. ਐੱਮ. ਬਣਨ ਦਾ ਸੁਪਨਾ ਹੈ ਤੇ ਦੋਵੇਂ ਹਾਈਕਮਾਨ ਦੀ ਆਸ ਲਗਾਏ ਬੈਠੇ ਹਨ। ਹਾਈਕਮਾਨ ਨਾਰਾਜ਼ ਨਾ ਹੋ ਜਾਵੇ, ਇਸ ਦਾ ਖਿਆਲ ਰੱਖਿਆ ਜਾ ਰਿਹਾ ਹੈ। ਅਜਿਹੇ ਵਿਚ ਸਿੱਧੂ ਦੇ ਸੁਪਨਿਆਂ ਦਾ ਕੀ ਹੋਵੇਗਾ ਜੋ ਹਾਈਕਮਾਨ ਤੋਂ ਸੀ. ਐੱਮ. ਉਮੀਦਵਾਰ ਬਣਾਏ ਜਾਣ ਦੀ ਆਸ ਲਗਾ ਕੇ ਬੈਠੇ ਹਨ।
ਵੀਡੀਓ ਲਈ ਕਲਿੱਕ ਕਰੋ -: