ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਤਿਹਾੜ ਜੇਲ੍ਹ ਤੋਂ ਰਚੀ ਗਈ। ਬਦਨਾਮ ਗੈਂਗਸਟਰ ਲਾਰੈਂਸ ਇਥੇ ਹੀ ਬੰਦ ਹੈ। ਉਸ ਨੇ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਇਸ ਵਿੱਚ ਪੰਜਾਬਾੀ ਸਿੰਗਰ ਮਨਕੀਰਤ ਔਲਖ ਦਾ ਮੈਨੇਜਰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਪਹਿਲਾਂ ਵੀ ਮੂਸੇਵਾਲਾ ਦੇ ਕਤਲ ਦੀ ਕੋਸ਼ਿਸ਼ ਹੋਈ ਸੀ।
ਹਾਲਾਂਕਿ ਜਦੋਂ ਗੈਂਗਸਟਰ ਦੇ ਗੁਰਗੇ ਮੂਸੇਵਾਲਾ ਦੇ ਪਿੰਡ ਪਹੁੰਚੇ ਤਾਂ ਉਥੇ AK 47 ਵਾਲੇ ਕਮਾਂਡੋ ਵੇਖ ਕੇ ਪਰਤ ਆਏ। ਬਾਅਦ ਵਿੱਚ ਕਤਲ ਲਈ ਗੋਲਡੀ ਬਰਾੜ ਨੇ ਰੂਸੀ AN 94 (ਐਵਤੋਮੈਤ ਨਿਕੋਨੋਵ) ਮੰਗਵਾਈ ਸੀ, ਜਿਸ ਨਾਲ ਹੀ ਤਾਬੜਤੋੜ ਗੋਲੀਆਂ ਚਲਾ ਕੇ ਬੀਤੇ ਦਿਨ ਮੂਸੇਵਾਲਾ ਦਾ ਕਤਲ ਕੀਤਾ ਗਿਆ। ਇਸ ਦੇ ਪਿਛੇ ਤਿਹਾੜ ਜੇਲ੍ਹ ਤੋਂ ਚੱਲ ਰਿਹਾ ਇੱਕ ਮੋਬਾਈਲ ਨੰਬਰ ਵੀ ਸਾਹਮਣੇ ਆ ਰਿਹਾ ਹੈ।
ਸੂਤਰਾਂ ਦੀ ਮੰਨੀਏ ਤਾਂ ਇਸ ਗੱਲ ਦਾ ਖੁਲਾਸਾ ਸ਼ਾਹਰੁਖ ਨੇ ਕੀਤਾ ਹੈ, ਜਿਸ ਨੂੰ ਕੁਝ ਸਮਾਂ ਪਹਿਲਾਂ ਦਿੱਲੀ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਸ਼ਾਹਰੁਖ ਨੇ ਦੱਸਿਆ ਸੀ ਕਿ ਗੋਲਡੀ ਬਰਾੜ ਅਤੇ ਲਾਰੈਂਸ ਕੋਈ ਵੱਡੀ ਸਾਜ਼ਿਸ਼ ਰਚ ਰਹੇ ਹਨ। ਸ਼ਾਹਰੁਖ ਨੇ ਖੁਦ ਮੂਸੇਵਾਲਾ ਦੇ ਕਤਲ ਲਈ ਰੇਕੀ ਕੀਤੀ ਸੀ। ਹੁਣ ਕਤਲ ਕਾਂਡ ਵਿੱਚ ਵਰਤੀ ਗਈ ਬੋਲੈਰੋ ਉਹੀ ਹੈ ਜਿਸਦੀ ਵਰਤੋਂ ਸ਼ਾਹਰੁਖ ਨੇ ਆਪਣੇ ਸਾਥੀਆਂ ਸਣੇ ਮੂਸੇਵਾਲਾ ਦੀ ਰੇਕੀ ਲਈ ਕੀਤੀ ਸੀ।
ਇਸ ਮਾਮਲੇ ਵਿੱਚ ਹਰਿਆਣਾ ਦੇ ਕੁਝ ਗੁੰਡਿਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਸਵਾਲ ਇਹ ਵੀ ਉਠ ਰਿਹਾ ਹੈ ਕਿ ਕੀ ਦਿੱਲੀ ਪੁਲਿਸ ਨੇ ਇਹ ਇਨਪੁਟ ਪੰਜਾਬ ਪੁਲਿਸ ਨਾਲ ਸਾਂਝੇ ਕੀਤੇ ਜਾਂ ਨਹੀਂ? ਜੇ ਹਾਂ ਤਾਂ ਪੰਜਾਬ ਪੁਲਿਸ ਨੇ ਮੂਸੇਵਾਲਾ ਦੀ ਸਕਿਓਰਿਟੀ ਵਿੱਚ ਕਟੌਤੀ ਕਿਉਂ ਕੀਤੀ?
ਸ਼ਾਹਰੁਖ ਤੋਂ ਪੁੱਛਗਿੱਛ ਤੋਂ ਬਾਅਦ ਮੂਸੇਵਾਲਾ ਕਤਲ ਕਾਂਡ ‘ਚ 8 ਲੋਕਾਂ ਦੀ ਭੂਮਿਕਾ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਜਿਸ ਵਿੱਚ ਗੋਲਡੀ ਬਰਾੜ, ਲਾਰੈਂਸ, ਜੱਗੂ ਭਗਵਾਨਪੁਰੀਆ, ਮਨਪ੍ਰੀਤ ਔਲਖ ਦਾ ਮੈਨੇਜਰ ਸਚਿਨ, ਅਜੇ ਗਿੱਲ, ਸਤਿੰਦਰ ਕਾਲਾ, ਸੋਨੂੰ ਕਾਜਲ ਅਤੇ ਅਮਿਤ ਕਾਜਲਾ ਸ਼ਾਮਲ ਹਨ।
ਸ਼ਾਹਰੁਖ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਗੋਲਡੀ ਬਰਾੜ ਨਾਲ ਸਿਗਨਲ ਐਪ ‘ਤੇ ਗੱਲ ਕਰਦਾ ਸੀ। ਸ਼ਾਹਰੁਖ ਦਾ ਫ਼ੋਨ ਹੁਣ ਦਿੱਲੀ ਪੁਲਿਸ ਨੇ ਜ਼ਬਤ ਕਰ ਲਿਆ ਹੈ। ਲਾਰੈਂਸ ‘ਤੇ ਵੀ ਸਿਗਨਲ ਐਪ ‘ਤੇ ਗੱਲ ਕਰਨ ਦਾ ਸ਼ੱਕ ਹੈ।
ਵੀਡੀਓ ਲਈ ਕਲਿੱਕ ਕਰੋ -: