ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕੈਲਾਸ਼ ਨਗਰ ਦੀ ਗਗਨਦੀਪ ਕਲੋਨੀ ਵਿੱਚ ਗੈਸ ਲੀਕ ਹੋਣ ਮਗਰੋਂ ਅੱਗ ਲੱਗਣ ਕਾਰਨ ਸਿਲੰਡਰ ਫੱਟ ਗਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਅੱਗ ਵਧਦੀ ਦੇਖ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਗ਼ਨੀਮਤ ਰਹੀ ਕਿ ਛੋਟੇ LPG ਸਿਲੰਡਰ ਵਿੱਚ ਧਮਾਕਾ ਹੋਇਆ ਨਹੀਂ ‘ਤਾ ਵੱਡਾ ਹਾਦਸਾ ਵਾਪਰ ਸਕਦਾ ਸੀ।
ਜਾਣਕਾਰੀ ਅਨੁਸਾਰ ਕੁਝ ਮਜ਼ਦੂਰ ਕਮਰੇ ਵਿੱਚ ਖਾਣਾ ਬਣਾ ਰਹੇ ਸਨ ਕਿ ਅਚਾਨਕ ਇੱਕ ਛੋਟੇ LPG ਸਿਲੰਡਰ ਨੂੰ ਅੱਗ ਲੱਗ ਗਈ। ਕੁਝ ਹੀ ਦੇਰ ‘ਚ ਅੱਗ ਕਮਰੇ ‘ਚ ਪਏ ਕੱਪੜਿਆਂ ਅਤੇ ਹੋਰ ਸਮਾਨ ਤੱਕ ਵੀ ਪਹੁੰਚ ਗਈ। ਜਿਸ ਮਕਾਨ ‘ਚ ਇਹ ਹਾਦਸਾ ਹੋਇਆ ਹੈ, ਉਸ ਦੀ ਪਹਿਲੀ ਅਤੇ ਦੂਜੀ ਮੰਜ਼ਿਲ ‘ਤੇ ਲੱਕੜ ਦੇ ਪਾਰਟੀਸ਼ਨ ਸਨ। ਅੱਗ ਦੂਜੀ ਮੰਜ਼ਿਲ ‘ਤੇ ਲੱਗੀ, ਜਿੱਥੇ ਇਕ ਵਿਅਕਤੀ ਟਿਊਸ਼ਨ ਪੜ੍ਹਾ ਰਿਹਾ ਸੀ। ਜਿਸ ਕਾਰਨ ਫਰਸ਼ ‘ਤੇ ਪਿਆ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ।
ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਮਾਰਤ ਵਿੱਚ ਰਹਿੰਦੇ ਕਿਰਾਏਦਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਦੌਰਾਨ ਫਾਇਰ ਕਰਮੀਆਂ ਨੇ ਇਮਾਰਤ ਵਿੱਚੋਂ ਕਰੀਬ 6 ਸਿਲੰਡਰ ਕੱਢੇ। ਦੱਸਿਆ ਜਾ ਰਿਹਾ ਹੈ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਬਿਹਾਰ ਦਾ ਰਹਿਣ ਵਾਲਾ ਰਿਗਜੁਲ ਅੰਸਾਰੀ ਇਸ ਦੀ ਲਪੇਟ ‘ਚ ਆ ਗਿਆ। ਅੰਸਾਰੀ ਦਾ ਚਿਹਰਾ ਅਤੇ ਬਾਹਾਂ ਅੱਗ ‘ਚ ਬੁਰੀ ਤਰ੍ਹਾਂ ਝੁਲਸ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ਦੇ ਫੀਲਡ ਗੰਜ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਪਾਇਆ ਕਾਬੂ
ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਜ਼ਖਮੀ ਰਿਗਜੁਲ ਅੰਸਾਰੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਮੁਤਾਬਕ ਇਹ ਘਟਨਾ ਛੋਟੇ LPG ਸਿਲੰਡਰ ਦੇ ਅਚਾਨਕ ਫਟਣ ਕਾਰਨ ਵਾਪਰੀ, ਜੋ ਕਿ ਗੈਰ-ਕਾਨੂੰਨੀ ਹੈ। ਇੱਥੇ ਤਿੰਨ ਅਜਿਹੇ ਛੋਟੇ ਅਤੇ ਤਿੰਨ ਘਰੇਲੂ ਸਿਲੰਡਰ ਵੀ ਸਨ। ਕਿਸੇ ਵੀ ਤਰ੍ਹਾਂ ਦੇ ਧਮਾਕੇ ਤੋਂ ਬਚਣ ਲਈ ਸਿਲੰਡਰ ਨੂੰ ਬਾਹਰ ਲਿਆਉਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: