ਤੇਲੰਗਾਨਾ ਦੀ ਸਾਈਬਰਾਬਾਦ ਪੁਲਿਸ ਨੇ ਸ਼ਨੀਵਾਰ ਨੂੰ 66.9 ਕਰੋੜ ਲੋਕਾਂ ਅਤੇ ਕੰਪਨੀਆਂ ਦਾ ਡਾਟਾ ਚੋਰੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਡਾਟਾ ਦੇਸ਼ ਦੇ 24 ਰਾਜਾਂ ਅਤੇ 8 ਵੱਡੇ ਸ਼ਹਿਰਾਂ ਵਿੱਚ ਚੋਰੀ ਕੀਤਾ ਗਿਆ ਹੈ। ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਡਾਟਾ ਚੋਰੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਫੜੇ ਗਏ ਦੋਸ਼ੀ ਦੀ ਪਛਾਣ ਵਿਨੈ ਭਾਰਦਵਾਜ ਵੱਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਦੋਸ਼ੀ ਫਰੀਦਾਬਾਦ, ਹਰਿਆਣਾ ਤੋਂ InspireWebz ਵੈੱਬਸਾਈਟ ਰਾਹੀਂ ਕੰਮ ਕਰ ਰਿਹਾ ਸੀ। ਉਹ ਕਲਾਊਡ ਡਰਾਈਵ ਲਿੰਕਾਂ ਰਾਹੀਂ ਗਾਹਕਾਂ ਨੂੰ ਚੋਰੀ ਕੀਤੇ ਡੇਟਾ ਨੂੰ ਵੇਚ ਰਿਹਾ ਸੀ। ਪੁਲਿਸ ਨੇ 2 ਮੋਬਾਈਲ ਫ਼ੋਨ ਅਤੇ 2 ਲੈਪਟਾਪ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲ ਸਰਕਾਰੀ ਅਫ਼ਸਰਾਂ ਅਤੇ ਫ਼ੌਜੀ ਅਫ਼ਸਰਾਂ ਤੋਂ ਇਲਾਵਾ ਪੈਨ ਕਾਰਡ ਧਾਰਕ, 9ਵੀਂ-10ਵੀਂ, 11ਵੀਂ-12ਵੀਂ ਦੇ ਵਿਦਿਆਰਥੀ, ਸੀਨੀਅਰ ਸਿਟੀਜ਼ਨ, ਦਿੱਲੀ ਦੇ ਬਿਜਲੀ ਖਪਤਕਾਰ, ਡੀ-ਮੈਟ ਖਾਤੇ ਵਾਲੇ ਲੋਕ, ਕਈ ਲੋਕਾਂ ਦੇ ਮੋਬਾਈਲ ਨੰਬਰ ਵੀ ਮਿਲੇ ਹਨ।
ਪੁਲਿਸ ਨੇ ਦੱਸਿਆ ਕਿ ਬਾਈਜੂ ਅਤੇ ਵੇਦਾਂਤੂ ਦੇ ਵਿਦਿਆਰਥੀਆਂ, 1.84 ਲੱਖ ਕੈਬ ਉਪਭੋਗਤਾਵਾਂ, 4.5 ਲੱਖ ਤਨਖਾਹਦਾਰ ਕਰਮਚਾਰੀਆਂ ਦਾ ਡਾਟਾ ਮੁਲਜ਼ਮਾਂ ਕੋਲ ਮਿਲਿਆ ਹੈ। ਇਸ ਦੇ ਨਾਲ ਹੀ GST ਅਤੇ RTO ਵਰਗੀਆਂ ਵੱਡੀਆਂ ਸੰਸਥਾਵਾਂ ਤੋਂ ਇਲਾਵਾ Amazon, Netflix, YouTube, Paytm, PhonePe, Big Basket, Book My Show, Instagram, Zomato, ਪਾਲਿਸੀ ਬਾਜ਼ਾਰ ਵਰਗੀਆਂ ਕੰਪਨੀਆਂ ਦਾ ਡਾਟਾ ਵੀ ਪ੍ਰਾਪਤ ਹੋਇਆ ਹੈ।NEET ਦੇ ਵਿਦਿਆਰਥੀਆਂ, ਉੱਚ ਜਾਇਦਾਦ ਵਾਲੇ ਵਿਅਕਤੀਆਂ, ਬੀਮਾ ਧਾਰਕਾਂ, ਡੈਬਿਟ ਅਤੇ ਕ੍ਰੈਡਿਟ ਕਾਰਡ ਧਾਰਕਾਂ ਦਾ ਡਾਟਾ ਵੀ ਚੋਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਸਲੀਮ ਦੁਰਾਨੀ ਦਾ ਦਿਹਾਂਤ, 88 ਸਾਲ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ
ਪੁਲਿਸ ਨੇ ਦੱਸਿਆ ਕਿ NEET ਵਿਦਿਆਰਥੀ ਦੇ ਪਿਤਾ ਦਾ ਨਾਮ, ਮੋਬਾਈਲ ਨੰਬਰ, ਪਤਾ ਵਰਗਾ ਡਾਟਾ ਚੋਰੀ ਹੋ ਗਿਆ ਹੈ। ਪੈਨ ਕਾਰਡ ਧਾਰਕਾਂ ਦੇ ਚੋਰੀ ਹੋਏ ਡੇਟਾ ਵਿੱਚ ਆਮਦਨ, ਈ-ਮੇਲ ਆਈਡੀ, ਫ਼ੋਨ ਨੰਬਰ ਵਰਗੀ ਜਾਣਕਾਰੀ ਸ਼ਾਮਲ ਹੈ। ਸਰਕਾਰੀ ਅਧਿਕਾਰੀਆਂ ਦਾ ਨਾਮ, ਮੋਬਾਈਲ ਨੰਬਰ, ਸ਼੍ਰੇਣੀ, ਜਨਮ ਮਿਤੀ ਵਰਗਾ ਡਾਟਾ ਚੋਰੀ ਹੋ ਗਿਆ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: