ਪੰਜਾਬ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਦੀ ਹਰਿਆਣਾ ਦੇ ਕੁੰਡਲੀ-ਮਾਨੇਸਰ-ਪਲਵਲ (KMP) ਐਕਸਪ੍ਰੈਸ ਵੇਅ ‘ਤੇ ਪਿੱਪਲੀ ਟੋਲ ਨਾਕੇ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਹਰਿਆਣਾ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੀਪ ਸਿੱਧੂ ਦੀ ਲਾਸ਼ ਨੂੰ ਸੋਨੀਪਤ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।
ਜਾਂਚ ਲਈ ਮੌਕੇ ‘ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਹਾਦਸਾ ਰਾਤ 8 ਤੋਂ 8:30 ਵਜੇ ਵਿਚਕਾਰ ਵਾਪਰਿਆ। ਹਾਦਸੇ ਸਮੇਂ ਦੀਪ ਸਿੱਧੂ ਖੁਦ ਸਕਾਰਪੀਓ ਚਲਾ ਰਹੇ ਸਨ ਅਤੇ ਉਨ੍ਹਾਂ ਨਾਲ ਇੱਕ ਐਨਆਰਆਈ ਦੋਸਤ ਵੀ ਸੀ। ਹਾਦਸੇ ਦੌਰਾਨ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਦੀਪ ਸਿੱਧੂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਸੋਨੀਪਤ ਦੇ ਐਸਪੀ ਰਾਹੁਲ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਰਾਈਵਰ ਅਜੇ ਫਰਾਰ ਹੈ।
ਪੁਲਸ ਦੀ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਸਕਾਰਪੀਓ ਗੱਡੀ ਚਲਾਉਂਦੇ ਸਮੇਂ ਅਚਾਨਕ ਦੀਪ ਸਿੱਧੂ ਨੇ ਉਥੇ ਇਕ ਟਰਾਲੀ ਖੜ੍ਹੀ ਦੇਖੀ। ਉਸ ਨੇ ਕਾਰ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਜੋ ਟਰਾਲੇ ਨਾਲ ਟਕਰਾ ਨਾ ਜਾਵੇ ਪਰ ਉਸ ਦੀ ਕਾਰ ਡਰਾਈਵਰ ਸਾਈਡ ਤੋਂ ਟਰਾਲੇ ਦੇ ਪਿੱਛੇ ਜਾ ਵੱਜੀ। ਦੀਪ ਸਿੱਧੂ ਖੁਦ ਕਾਰ ਚਲਾ ਰਹੇ ਸਨ, ਇਸ ਕਾਰਨ ਹਾਦਸੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ ਪੁਲਿਸ ਨੇ ਹਰ ਪੁਆਇੰਟ ‘ਤੇ ਜਾਂਚ ਕਰਨ ਦੀ ਗੱਲ ਕਹੀ ਹੈ।
ਦੀਪ ਸਿੱਧੂ ਦੇ ਦੇਹਾਂਤ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਸੋਗ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਚੰਨੀ ਨੇ ਟਵੀਟ ਕੀਤਾ, ”ਪ੍ਰਸਿੱਧ ਅਭਿਨੇਤਾ ਅਤੇ ਸਮਾਜਿਕ ਕਾਰਕੁਨ ਦੀਪ ਸਿੱਧੂ ਦੇ ਮੰਦਭਾਗੇ ਦੇਹਾਂਤ ਬਾਰੇ ਜਾਣ ਕੇ ਦੁਖੀ ਹਾਂ। ਮੇਰੀ ਸੰਵੇਦਨਾ ਅਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ। ਇਸ ਦੇ ਨਾਲ ਹੀ ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਦੀਪ ਸਿੱਧੂ ਦਾ ਨਾਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਸਰਹੱਦੀ ਅੰਦੋਲਨ ਅਤੇ ਉਸ ਤੋਂ ਬਾਅਦ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਵਿੱਚ ਚਰਚਾ ਵਿੱਚ ਆਇਆ ਸੀ। ਅਪ੍ਰੈਲ 1984 ਵਿੱਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਜਨਮੇ ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਦੀਪ ਨੇ ਲਾਅ ਦੀ ਪੜ੍ਹਾਈ ਕੀਤੀ ਸੀ। ਉਹ ਕਿੰਗਫਿਸ਼ਰ ਮਾਡਲ ਹੰਟ ਦੇ ਜੇਤੂ ਵੀ ਰਹੇ। ਮਿਸਟਰ ਇੰਡੀਆ ਮੁਕਾਬਲੇ ਵਿੱਚ ਮਿਸਟਰ ਪਰਸਨੈਲਿਟੀ ਦਾ ਖਿਤਾਬ ਵੀ ਜਿੱਤਿਆ। ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ‘ਰਮਤਾ ਜੋਗੀ’ ਸਾਲ 2015 ‘ਚ ਰਿਲੀਜ਼ ਹੋਈ ਸੀ। ਹਾਲਾਂਕਿ, ਦੀਪ ਨੇ 2018 ਦੀ ਫਿਲਮ ਜੋਰਾ ਦਾਸ ਨੰਬਰੀਆ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਵਿੱਚ ਦੀਪ ਨੇ ਇੱਕ ਗੈਂਗਸਟਰ ਦੀ ਭੂਮਿਕਾ ਨਿਭਾਈ।
ਵੀਡੀਓ ਲਈ ਕਲਿੱਕ ਕਰੋ -: