ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮਥੁਰਾ ਰੋਡ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਕੂਲ ਨੂੰ ਇਹ ਧਮਕੀ ਇੱਕ ਈ-ਮੇਲ ਦੇ ਰਾਹੀਂ ਮਿਲੀ ਹੈ। ਇਸ ਨਾਲ ਪੁਲਿਸ ਮਹਿਕਮੇ ਵਿੱਚ ਹੜਕੰਪ ਮੱਚ ਗਿਆ ਹੈ। ਬੰਬ ਦੀ ਧਮਕੀ ਤੋਂ ਬਾਅਦ ਸਾਵਧਾਨੀ ਵਜੋਂ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸੂਚਨਾ ਮਿਲਣ ‘ਤੇ ਮਾਪੇ ਸਕੂਲ ਪਹੁੰਚ ਕੇ ਆਪਣੇ ਬੱਚਿਆਂ ਨੂੰ ਘਰ ਲੈ ਕੇ ਜਾ ਰਹੇ ਹਨ। ਪੁਲਿਸ ਮੁਤਾਬਕ ਇਹ ਕਿਸੇ ਦੀ ਸ਼ਰਾਰਤ ਹੈ, ਪਰ ਉਨ੍ਹਾਂ ਵੱਲੋਂ ਜਾਂਚ ਜਾਰੀ ਹੈ।
ਇਸ ਸਬੰਧੀ ਦੱਖਣ-ਪੂਰਬੀ ਦਿੱਲੀ ਦੇ ਡੀਸੀਪੀ ਰਾਜੇਸ਼ ਦੇਵ ਨੇ ਦੱਸਿਆ ਕਿ ਸਕੂਲ ਵੱਲੋਂ ਕਰੀਬ 8:45 ਵਜੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ ਸੀ। ਸੂਚਨਾ ਮਿਲਦੇ ਹੀ ਕ੍ਰਾਈਮ ਬ੍ਰਾਂਚ ਦੀ ਬੰਬ ਨਿਰੋਧਕ ਟੀਮ ਅਤੇ ਸਥਾਨਕ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਸਕੂਲ ਕੈਂਪਸ ਨੂੰ ਖਾਲੀ ਕਰਵਾ ਲਿਆ ਗਿਆ ਹੈ। ਫਿਲਹਾਲ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਦਿੱਲੀ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਸਕੂਲ ਵਿੱਚ ਅਜਿਹੀ ਘਟਨਾ ਵਾਪਰ ਚੁੱਕੀ ਹੈ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਸ਼ਰਧਾਂਜਲੀ ਦੇਣ ਆਉਣਗੇ PM ਮੋਦੀ, ਪੰਜਾਬ ‘ਚ ਇੱਕ ਦਿਨ ਦੀ ਛੁੱਟੀ ਦਾ ਐਲਾਨ
ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਦਿੱਲੀ ਦੀ ਡਿਫੈਂਸ ਕਾਲੋਨੀ ਸਥਿਤ ਦਿ ਇੰਡੀਅਨ ਸਕੂਲ ਨੂੰ ਧਮਕੀ ਭਰੀ ਈਮੇਲ ਮਿਲੀ ਸੀ ਕਿ ਸਕੂਲ ਦੇ ਅੰਦਰ ਬੰਬ ਰੱਖਿਆ ਗਿਆ ਹੈ। ਇਸ ਤੋਂ ਬਾਅਦ ਜਲਦਬਾਜ਼ੀ ‘ਚ ਮਾਪਿਆਂ ਨੂੰ ਬੁਲਾ ਕੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ। ਸੂਚਨਾ ਮਿਲਣ ‘ਤੇ ਬੰਬ ਨਿਰੋਧਕ ਦਸਤਾ ਸਕੂਲ ਦੇ ਅੰਦਰ ਪਹੁੰਚ ਗਿਆ ਸੀ ਅਤੇ 2 ਘੰਟੇ ਤੋਂ ਵੱਧ ਸਮੇਂ ਤੱਕ ਸਕੂਲ ਦੀ ਪੂਰੀ ਤਲਾਸ਼ੀ ਲਈ ਗਈ ਪਰ ਉਥੋਂ ਕੋਈ ਬੰਬ ਨਹੀਂ ਮਿਲਿਆ। ਇਸ ਸਬੰਧੀ ਸਕੂਲ ਦੇ ਇੱਕ ਅਧਿਆਪਕ ਨੇ ਦੱਸਿਆ ਸੀ ਕਿ ਇਸ ਹਰਕਤ ਪਿੱਛੇ ਕੁਝ ਸ਼ਰਾਰਤੀ ਬੱਚਿਆਂ ਦਾ ਹੱਥ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: