Distribution of rations: ਪੰਜਾਬੀਆਂ ਦੀਆਂ ਵੋਟਾਂ ਲੈ ਸਤ੍ਹਾ ਸੁੱਖ ਮਾਣਨ ਵਾਲੀ ਕਾਂਗਰਸ ਇਸ ਮਹਾਂਮਾਰੀ ਦੀ ਘੜੀ ਵਿਚ ਵੀ ਲੋਕਾਂ ਨਾਲ ਕਰ ਰਹੀ ਏ ਪੱਖਪਾਤ। ਜੀ ਹਾਂ ਇਹ ਦੋਸ਼ ਲਾਉਂਦਿਆਂ ਜਿਥੇ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਫਿ਼ਰੋਜ਼ਪੁਰ ਨੂੰ ਇਕ ਮੰਗ ਪੱਤਰ ਦਿੱਤਾ, ਉਥੇ ਲੋਕਾਂ ਨਾਲ ਇਨਸਾਫ ਨਾ ਹੋਣ ਦੀ ਸੂਰਤ `ਤੇ ਸੰਘਰਸ਼ ਵਿੱਢਣ ਦਾ ਵੀ ਐਲਾਨ ਕੀਤਾ। ਫਿ਼ਰੋਜ਼ਪੁਰ ਵਿਖੇ ਇਕੱਤਰ ਹੋਏ ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਆਏ ਰਾਸ਼ਨ ਨੂੰ ਸੂਬਾ ਸਰਕਾਰ ਤੇ ਕਾਂਗਰਸੀਆਂ ਮੰਤਰੀਆਂ ਨੇ ਮਨ-ਮਰਜ਼ੀ ਨਾਲ ਆਪਣੇ ਚਹੇਤਿਆਂ ਨੂੰ ਦੇ ਕੇ ਕਈ ਉਨ੍ਹਾਂ ਪਰਿਵਾਰਾਂ ਦੇ ਹੱਕਾਂ `ਤੇ ਡਾਕਾ ਮਾਰਿਆ ਹੈ, ਜੋ ਇਸ ਰਾਸ਼ਨ ਦੇ ਅਸਲ ਹੱਕਦਾਰ ਸਨ। ਰੋਹ ਜ਼ਾਹਿਰ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸੀਆਂ ਦੀ ਉਕਤ ਕਰਤੂਤ `ਤੇ ਜਿੱਥੇ ਦੁੱਖ ਹੋ ਰਿਹੈ, ਉਥੇ ਕਾਂਗਰਸੀਆਂ ਵੱਲੋਂ ਇਸ ਬਿਪਤਾ ਵਿਚ ਵੀ ਸਿਆਸਤ ਕੀਤੀ ਹੈ, ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।
ਕਾਂਗਰਸੀਆਂ ਦੀਆਂ ਮਾੜੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਅਜੋਕੇ ਦੌਰ ਵਿਚ ਪੂਰੀ ਦੁਨੀਆਂ ਬਿਪਤਾ ਦਾ ਸਾਹਮਣਾ ਕਰ ਰਹੀ ਹੈ, ਪ੍ਰੰਤੂ ਕਾਂਗਰਸੀ ਜਿਥੇ ਸੋੜੀ ਰਾਜਨੀਤੀ ਕਰਨ `ਤੇ ਉਤਾਰੂ ਹੋ ਗਏ ਹਨ, ਉਥੇ ਮਜ਼ਬੂਰ ਲੋਕਾਂ ਦੇ ਹੱਕਾਂ `ਤੇ ਡਾਕਾ ਮਾਰ ਆਪਣੇ ਚਹੇਤਿਆਂ ਦੇ ਘਰ ਭਰ ਰਹੇ ਹਨ, ਜੋ ਨਿਯਮਾਂ ਦੇ ਉਲਟ ਹੋਣ ਦੇ ਨਾਲ-ਨਾਲ ਮਨੁੱਖਤਾ ਦੇ ਘਾਣ ਵਜੋਂ ਸਾਬਿਤ ਹੋ ਰਹੀ ਹੈ। ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਆਪਣੇ ਕੰਮਾਂ ਦੀ ਪਹਿਚਾਣ ਕਰਕੇ ਲੋਕਾਂ ਦੇ ਹੱਕਾਂ `ਤੇ ਡਾਕਾ ਮਾਰਨ ਤੋਂ ਬਾਜ ਆਵੇ ਨਹੀਂ ਤਾਂ ਉਨ੍ਹਾਂ ਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ।