ਜੇਲ੍ਹਾਂ ਵਿੱਚ ਨਸ਼ਿਆਂ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਬੰਦ ਮੁਲਜ਼ਮਾਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ। ਪਹਿਲੇ ਪੜਾਅ ਵਿੱਚ ਨਾਭਾ, ਮਾਨਸਾ, ਬਰਨਾਲਾ, ਮਾਲੇਰਕੋਟਲਾ, ਫਾਜ਼ਿਲਕਾ, ਹੁਸ਼ਿਆਰਪੁਰ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਡੋਪ ਟੈਸਟ ਕੀਤੇ ਗਏ ਹਨ।
ਇਸੇ ਮੁਹਿੰਮ ਤਹਿਤ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਸਿਹਤ ਵਿਭਾਗ ਵੱਲੋਂ ਡੋਪ ਟੈਸਟ ਕਰਵਾਏ ਗਏ। ਲਗਭਗ 4000 ਕੈਦੀਆਂ ਦੀ ਇਸ ਜੇਲ੍ਹ ਵਿਚ ਇਕ ਦਿਨ ਵਿਚ 1900 ਕੈਦੀਆਂ ਦੇ ਟੈਸਟ ਹੋਏ ਜਿਨ੍ਹਾਂ ਦੀ ਰਿਪੋਰਟ ਸ਼ਨੀਵਾਰ ਰਾਤ ਨੂੰ ਤਿਆਰ ਹੋ ਗਈ ਸੀ ਅਤੇ ਐਤਵਾਰ ਸਵੇਰੇ ਇਸ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜੇਲ੍ਹ ਜਿਸ ਨੂੰ ਸਭ ਤੋਂ ਵੱਧ ਸੁਰੱਖਿਅਤ ਕਿਹਾ ਜਾਂਦਾ ਹੈ, ਉਸ ਦੇ ਅੰਦਰ 50 ਫੀਸਦੀ ਕੈਦੀ ਨਸ਼ੇ ਦੇ ਆਦੀ ਹਨ।
ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਪੰਜਾਬ, ਹਰਿਆਣਾ ਹਾਈਕੋਰਟ ਨੇ ਹੁਕਮ ਦਿੱਤੇ ਸਨ ਕਿ ਸੂਬੇ ਦੀਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਦੇ ਡੋਪ ਟੈਸਟ ਕਰਵਾਏ ਜਾਣ। ਜੇਲ੍ਹਾਂ ਦੇ ਅੰਦਰ ਨਸ਼ਾ ਜਾਂ ਫੋਨ ਆਦਿ ਨਾ ਜਾ ਸਕੇ, ਇਸ ਲਈ ਕੋਸ਼ਿਸ਼ਾਂ ਜਾਰੀ ਹਨ। ਬੀਤੇ ਸਾਲ ਜੇਲ੍ਹਾਂ ਅੰਦਰ ਸੀਆਰਪੀਐੱਫ ਵੀ ਤਾਇਨਾਤ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਨਸ਼ਾ ਅੰਦਰ ਜਾਣ ਤੋਂ ਰੁਕ ਨਹੀਂ ਸਕਿਆ ਹੈ।
ਸਿਹਤ ਵਿਭਾਗ ਨੇ ਸਵੇਰੇ 9 ਤੋਂ ਦੁਪਿਹਰ 2 ਵਜੇ ਤੱਕ ਟੈਸਟ ਲਈ ਸੈਂਪਲ ਲਏ। 4000 ਕੈਦੀਆਂ ਵਿਚੋਂ 1900 ਕੈਦੀਆਂ ਦੇ ਯੂਰਿਪਨ ਦਾ ਸੈਂਪਲਾਂ ਦੀ ਰਿਪੋਰਟ ਆ ਗਈ ਜੋ ਹੈਰਾਨ ਕਰਨ ਵਾਲੀ ਸੀ। 1900 ਵਿਚੋਂ ਤਕਰੀਬਨ 900 ਕੈਦੀ ਅਜਿਹੇ ਸਨ, ਜਿਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਵੀਡੀਓ ਲਈ ਕਲਿੱਕ ਕਰੋ -: