ਕਰੋੜਾਂ PF ਖਾਤਾ ਧਾਰਕਾਂ ਲਈ ਖੁਸ਼ਖਬਰੀ ਆਈ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਟਰੱਸਟ ਨੇ ਮੰਗਲਵਾਰ ਨੂੰ ਚਾਲੂ ਵਿੱਤੀ ਸਾਲ (2022-23) ਲਈ ਵਿਆਜ ਦਰਾਂ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ EPFO ਦੇ 7 ਕਰੋੜ ਤੋਂ ਵੱਧ ਖਾਤਾਧਾਰਕਾਂ ਨੂੰ 8.15 ਫੀਸਦੀ ਵਿਆਜ ਮਿਲੇਗਾ।
ਰਿਪੋਰਟ ਮੁਤਾਬਕ ਈਪੀਐਫਓ ਦੇ ਸੈਂਟਰਲ ਬੋਰਡ ਆਫ਼ ਟਰੱਸਟੀਜ਼ (ਸੀਬੀਟੀ) ਦੀ ਦੋ ਦਿਨਾਂ ਮੀਟਿੰਗ ਤੋਂ ਬਾਅਦ ਪੀਐਫ ਦੀਆਂ ਵਿਆਜ ਦਰਾਂ ਵਿੱਚ 0.05 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਿਛਲੇ ਵਿੱਤੀ ਸਾਲ ‘ਚ ਇਸ ਦੀ ਵਿਆਜ ਦਰ 8.10 ਫੀਸਦੀ ਸੀ, ਜੋ ਹੁਣ ਵਧ ਕੇ 8.15 ਫੀਸਦੀ ਹੋ ਗਈ ਹੈ। ਇਸ ਤੋਂ ਪਹਿਲਾਂ 1977-78 ‘ਚ ਸਭ ਤੋਂ ਘੱਟ PF ਵਿਆਜ ਦਰ 8 ਫੀਸਦੀ ਸੀ।
ਅਜਿਹਾ ਨਹੀਂ ਹੈ ਕਿ EPFO ਦੇ ਟਰੱਸਟੀਆਂ ਦੀ ਮੋਹਰ ਲੱਗਣ ਤੋਂ ਬਾਅਦ PF ਖਾਤੇ ‘ਤੇ ਨਵੀਂ ਵਿਆਜ ਦਰ ਲਾਗੂ ਹੋਵੇਗੀ। ਇਸ ਦੇ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਵੀ ਜ਼ਰੂਰੀ ਹੈ। ਵਿੱਤ ਮੰਤਰਾਲਾ 2022-23 ਲਈ ਤੈਅ ਕੀਤੀ ਗਈ ਵਿਆਜ ਦਰ ਦੀ ਵੀ ਸਮੀਖਿਆ ਕਰੇਗਾ ਅਤੇ ਇਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਖਾਤੇ ‘ਚ ਵਿਆਜ ਦੀ ਰਕਮ ਭੇਜਣ ਦਾ ਰਸਤਾ ਸਾਫ ਹੋਵੇਗਾ। ਧਿਆਨ ਯੋਗ ਹੈ ਕਿ ਵਿੱਤੀ ਸਾਲ 2021-22 ਲਈ ਵੀ ਵਿਆਜ ਦਾ ਪੈਸਾ ਅਜੇ ਤੱਕ ਪੀਐਫ ਖਾਤਾਧਾਰਕਾਂ ਨੂੰ ਨਹੀਂ ਮਿਲਿਆ ਹੈ।
ਕਿਆਸ ਲਗਾਏ ਜਾ ਰਹੇ ਸਨ ਕਿ ਇਸ ਵਾਰ ਪੀਐਫ ਖਾਤੇ ‘ਤੇ ਵਿਆਜ ਦਰ ਇਕ ਵਾਰ ਫਿਰ ਘਟਾ ਕੇ 8 ਫੀਸਦੀ ਕੀਤੀ ਜਾਣੀ ਹੈ। ਪਰ ਟਰੱਸਟੀਆਂ ਨੇ ਮਹਿਸੂਸ ਕੀਤਾ ਕਿ ਮਹਿੰਗਾਈ ਨੂੰ ਦੇਖਦੇ ਹੋਏ ਖਾਤਾਧਾਰਕਾਂ ਨੂੰ ਵੱਧ ਵਿਆਜ ਦਿੱਤਾ ਜਾਣਾ ਚਾਹੀਦਾ ਹੈ। ਮੀਟਿੰਗ ਦੇ ਪਹਿਲੇ ਦਿਨ ਕੇਂਦਰੀ ਕਿਰਤ ਮੰਤਰੀ ਭੂਪੇਂਦਰ ਯਾਦਵ ਅਤੇ ਟਰੱਸਟੀਆਂ ਦਰਮਿਆਨ ਵੱਧ ਪੈਨਸ਼ਨ ਦੇ ਮੁੱਦੇ ’ਤੇ ਵੀ ਚਰਚਾ ਹੋਈ। ਇਹ ਜਾਣਕਾਰੀ ਦਿੱਤੀ ਗਈ ਕਿ ਈਪੀਐਫਓ ਯੋਗ ਗਾਹਕਾਂ ਨੂੰ ਵੱਧ ਪੈਨਸ਼ਨ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸਮ੍ਰਿਤੀ ਈਰਾਨੀ ਦਾ ਰਾਹੁਲ ‘ਤੇ ਹਮਲਾ, ਬੋਲੇ, ‘ਵਿਦੇਸ਼-ਦੇਸ਼-ਸੰਸਦ ‘ਚ ਝੂਠ ਬੋਲਿਆ, ਇਹ ਉਹੀ ਬੰਦਾ ਏ ਜੋ…’
ਵਿੱਤੀ ਸਾਲ 2018-19 ਤੋਂ ਪੀਐੱਫ ‘ਤੇ ਵਿਆਜ ਦਰ ਲਗਾਤਾਰ ਘਟਦੀ ਜਾ ਰਹੀ ਹੈ। ਪਿਛਲੇ ਵਿੱਤੀ ਸਾਲ ‘ਚ ਸਰਕਾਰ ਨੇ ਵਿਆਜ ਦਰ ਨੂੰ 8.10 ਫੀਸਦੀ ਤੱਕ ਘਟਾ ਕੇ 450 ਕਰੋੜ ਰੁਪਏ ਦੀ ਬਚਤ ਕੀਤੀ ਸੀ। ਅਜਿਹੇ ‘ਚ ਅਜਿਹਾ ਲੱਗ ਰਿਹਾ ਸੀ ਕਿ ਇਸ ਸਾਲ ਵੀ ਵਿਆਜ ਦਰ ਪਹਿਲਾਂ ਵਾਂਗ ਹੀ ਰਹੇਗੀ ਜਾਂ 8 ਫੀਸਦੀ ‘ਤੇ ਆ ਜਾਵੇਗੀ। 2018-19 ‘ਚ ਪੀ.ਐੱਫ ‘ਤੇ ਵਿਆਜ 8.65 ਫੀਸਦੀ ਸੀ, ਜਿਸ ਨੂੰ 2019-20 ‘ਚ ਘਟਾ ਕੇ 8.50 ਫੀਸਦੀ ਕਰ ਦਿੱਤਾ ਗਿਆ। ਵਿਆਜ ਦਰ 2020-21 ਵਿਚ ਵੀ ਇਹੀ ਸੀ, ਜਦੋਂ ਕਿ 2021-22 ਵਿਚ ਇਸ ਨੂੰ ਘਟਾ ਕੇ 8.10 ਫੀਸਦੀ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: