Farmers arrive at Delhi border : ਕੇਂਦਰ ਵੱਲੋਂ ਜਾਰੀ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਉਤਰੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਰਾਹ ਵਿੱਚ ਕਈ ਅੜਿੱਕੇ ਪਾਏ ਗਏ ਪਰ ਫਿਰ ਵੀ ਕਿਸਾਨ ਹਰ ਰੁਕਾਵਟ ਨੂੰ ਪਾਰ ਕਰਦੇ ਹੋਏ ਅਖੀਰ ਦਿੱਲੀ ਦੇ ਕੁੰਡਲੀ ਬਾਰਡਰ ਤੱਕ ਪਹੁੰਚ ਗਏ ਹਨ। ਹਰਿਆਣਾ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਵੀ ਕਿਸਾਨਾਂ ਨੂੰ ਰੋਕਣ ਲਈ ਗਲਤ ਰਵੱਈਆ ਅਪਣਾਇਆ ਅਤੇ ਬਿਨਾਂ ਕਿਸੇ ਗੱਲ ਦੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ। ਹਾਲਾਂਕਿ ਕਿਸਾਨਾਂ ਦਾ ਕਹਿ ਰਹੇ ਸਨ ਕਿ ਉਹ ਪਿਆਰ ਨਾਲ ਹੀ ਗੱਲ ਕਰਨਗੇ ਪਰ ਇਸ ਤੋਂ ਪਹਿਲਾਂ ਵੀ ਦਿੱਲੀ ਪੁਲਿਸ ਨੇ ਉਨ੍ਹਾਂ ’ਤੇ ਹੰਝੂ ਗੈਸ ਦੇ ਗੋਲੇ ਛੱਡ ਦਿੱਤੇ।
ਦਿੱਲੀ ਪੁਲਿਸ ਦੀ ਕਾਰਵਾਈ ਨਾਲ ਸਾਫ ਹੋ ਰਿਹਾ ਹੈ ਹੈ ਕਿ ਉਹ ਕਿਸਾਨਾਂ ਨੂੰ ਰਾਜਧਾਨੀ ਵਿੱਚ ਐਂਟਰੀ ਦੇਣ ਦੇ ਮੂਡ ਵਿੱਚ ਨਹੀਂ ਲੱਗ ਰਹੀ। ਹਾਲਾਂਕਿ ਪੰਜਾਬ ਤੋਂ ਲਗਭਗ 550 ਕਿਲੋਮੀਟਰ ਦਾ ਸਫਰ ਤੈਅ ਕਰਕੇ ਆ ਰਹੇ ਕਿਸਾਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਕੀਤੀ ਗਈ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਂਤਮਈ ਹੀ ਰਿਹਾ ਹੈ ਪਰ ਪੁਲਿਸ ਖੁਦ ਉਨ੍ਹਾਂ ਨੂੰ ਉਕਸਾ ਰਹੀ ਹੈ।
ਕਦੇ ਉਨ੍ਹਾਂ ’ਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ ਜਾਂਦੀਆਂ, ਕਦੇ ਹੰਝੂ ਗੈਸ ਦੇ ਗੋਲੇ ਛੱਡੇ ਜਾਂਦੇ ਹਨ ਤੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਜਾਂਦਾ ਹੈ। ਪਰ ਕਿਸਾਨ ਆਪਣੇ ਫੈਸਲੇ ‘ਤੇ ਅਡਿੱਗ ਹਨ ਉਹ ਕਿਸੇ ਵੀ ਹਾਲ ਵਿੱਚ ਆਪਣੀ ਆਵਾਜ਼ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਕੇ ਹੀ ਰਹਿਣਗੇ।
ਦਿੱਲੀ ਬਾਰਡਰ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ, ਜਿਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਉਹ ਕਿਸਾਨਾਂ ਨੂੰ ਰੋਕਣ ਦੀ ਪੂਰੀ ਤਿਆਰੀ ਵਿੱਚ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਹੱਕਾਂ ਲਈ ਕੁਝ ਵੀ ਕਰਨ ਲਈ ਤਿਆਰ ਹਨ। ਉਹ ਆਪਣੇ ਸਿਰ ‘ਤੇ ਕਫਨ ਬੰਨ੍ਹ ਕੇ ਆਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਹ ਪਿਆਰ ਨਾਲ ਹੀ ਗੱਲ ਕਰਨਗੇ ਜੇਕਰ ਫਿਰ ਵੀ ਮੋਦੀ ਸਰਕਾਰ ਇਹ ਕਾਲੇ ਕਾਨੂੰਨਾਂ ਨੂੰ ਵਾਪਿਸ ਨਹੀਂ ਲੈਂਦੀ ਤਾਂ ਜਥੇਬੰਦੀਆਂ ਦੇ ਫੈਸਲੇ ਮੁਤਾਬਕ ਅਗਲੀ ਰਣਨੀਤੀ ਤਿਆਰ ਕਰਨਗੇ ਪਰ ਪਿੱਛੇ ਨਹੀਂ ਹੱਟਣਗੇ। ਇਸ ਦੌਰਾਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।