ਪੰਜਾਬ ਦੇ ਫ਼ਿਰੋਜ਼ਪੁਰ ਦੀ ਇੱਕ ਲੜਕੀ ਨੂੰ ਓਮਾਨ ਵਿੱਚ 10 ਦਿਨਾਂ ਤੱਕ ਬੰਧਕ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪੀੜਤਾ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਕੰਪਨੀ ਦੇ ਦਫ਼ਤਰ ਵਿੱਚ ਹੀ ਬੰਧਕ ਬਣਾ ਲਿਆ ਗਿਆ। ਕਿਸੇ ਤਰ੍ਹਾਂ ਪੀੜਤਾ ਭਾਰਤੀ ਅੰਬੈਸੀ ਪੁੱਜਣ ‘ਚ ਕਾਮਯਾਬ ਰਹੀ ਅਤੇ ਉਥੇ ਮੌਜੂਦ ਅਧਿਕਾਰੀਆਂ ਨੂੰ ਆਪਣੀ ਪਰੇਸ਼ਾਨੀ ਦੱਸੀ, ਜਿਸ ਤੋਂ ਬਾਅਦ ਭਾਰਤੀ ਦੂਤਾਵਾਸ ਦੀ ਮਦਦ ਨਾਲ ਲੜਕੀ ਦੀ ਘਰ ਵਾਪਸੀ ਸੰਭਵ ਹੋ ਸਕੀ।
ਇਹ ਘਟਨਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਬਸਤੀ ਅਧੀਨ ਪੈਂਦੇ ਪਿੰਡ ਢਕਲੀ ਮਸਤ ਦੀ ਰਹਿਣ ਵਾਲੀ ਪੂਜਾ ਨਾਲ ਵਾਪਰੀ। ਪੂਜਾ ਨੇ ਦੱਸਿਆ ਕਿ ਮਨਦੀਪ ਕੌਰ ਵਾਸੀ ਕਪੂਰਥਲਾ ਅਤੇ ਸਿਮਰਨ ਕੌਰ ਵਾਸੀ ਓਮਾਨ ਨੇ ਉਸ ਤੋਂ 70 ਹਜ਼ਾਰ ਰੁਪਏ ਲੈਣ ਦੀ ਸਾਜ਼ਿਸ਼ ਰਚ ਕੇ ਉਸ ਨੂੰ ਚੰਗੀ ਨੌਕਰੀ ਦਿਵਾਉਣ ਅਤੇ ਵਿਦੇਸ਼ ਵਿਚ ਚੰਗੀ ਜ਼ਿੰਦਗੀ ਬਤੀਤ ਕਰਨ ਦਾ ਸੁਪਨਾ ਲੈ ਕੇ ਓਮਾਨ ਭੇਜ ਦਿੱਤਾ। ਪਰ, ਉੱਥੇ ਪਹੁੰਚਣ ‘ਤੇ, ਉਸਨੂੰ ਕੁਝ ਵੀ ਅਜਿਹਾ ਨਹੀਂ ਮਿਲਿਆ ਜੋ ਉਸਨੂੰ ਦੱਸਿਆ ਗਿਆ ਸੀ।
ਕਿਸੇ ਤਰ੍ਹਾਂ ਉਸ ਨੂੰ ਕੰਮ ਕਰਨ ਲਈ ਜਗ੍ਹਾ ਦਿੱਤੀ ਗਈ, ਜਿੱਥੇ ਕੁਝ ਦਿਨਾਂ ਬਾਅਦ ਉਸ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਦਫਤਰ ਵਿਚ ਹੀ ਬੰਧਕ ਬਣਾ ਲਿਆ ਗਿਆ। 10 ਦਿਨਾਂ ਤੱਕ ਉਸ ਨੂੰ ਉੱਥੇ ਦਫ਼ਤਰ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਪਰ ਕਿਸੇ ਤਰ੍ਹਾਂ ਉਹ ਉੱਥੋਂ ਨਿਕਲ ਕੇ ਭਾਰਤੀ ਦੂਤਘਰ ਪਹੁੰਚਣ ਵਿੱਚ ਕਾਮਯਾਬ ਹੋ ਗਈ। ਉੱਥੇ ਅਧਿਕਾਰੀਆਂ ਨੂੰ ਉਸ ਨੇ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਜਾਣੂ ਕਰਵਾਇਆ ਅਤੇ ਮਦਦ ਦੀ ਗੁਹਾਰ ਲਗਾਈ।
ਇਹ ਵੀ ਪੜ੍ਹੋ : 115 ਸਾਲ ਪੁਰਾਣੀ TOY TRAIN ਨੂੰ ਬਦਲੇਗੀ RCF, ਕਾਲਕਾ-ਸ਼ਿਮਲਾ ਟ੍ਰੈਕ ‘ਤੇ ਚੱਲਣਗੇ 4 ਸੈਮੀ-ਵਿਸਟਾਡੋਮ ਕੋਚ
ਪੂਜਾ ਨੇ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਹ ਓਮਾਨ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਨੇ ਉਸ ਨੂੰ ਓਮਾਨ ਭੇਜਿਆ ਸੀ, ਉਹ ਰਜਿਸਟਰਡ ਏਜੰਟ ਨਹੀਂ ਹਨ। ਮਨਦੀਪ ਕੌਰ ਨੇ ਓਮਾਨ ਦੀ ਰਹਿਣ ਵਾਲੀ ਸਿਮਰਨ ਕੌਰ ਨਾਲ ਮਿਲ ਕੇ ਵੱਡੀ ਸਾਜ਼ਿਸ਼ ਰਚੀ ਹੈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਦੀ ਮਦਦ ਕੀਤੀ, ਜਿਸ ਕਾਰਨ ਉਹ ਆਪਣੇ ਘਰ ਪਹੁੰਚ ਸਕੀ।
ਇਸ ਦੇ ਨਾਲ ਹੀ ਆਰਿਫ਼ਕੇ ਦੇ ਥਾਣਾ ਇੰਚਾਰਜ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਮਨਦੀਪ ਕੌਰ ਵਾਸੀ ਕਪੂਰਥਲਾ ਅਤੇ ਸਿਮਰਨ ਕੌਰ ਵਾਸੀ ਓਮਾਨ ਦੇ ਖ਼ਿਲਾਫ਼ IPC ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੋਸ਼ੀਆਂ ਦੀ ਭਾਲ ‘ਚ ਜੁਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: