ਚੰਡੀਗੜ੍ਹ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਵੋਟਾਂ ਨਾ ਪਾਉਣ ਜਿਨ੍ਹਾਂ ਦਾ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੂੰ ਆਪਣੀ ਵਫਾਦਾਰੀ ਵੇਚਣਾ ਤੈਅ ਹੈ ਤੇ ਇਹ ਲੋਕ ਚੋਣਾਂ ਮੁਕਣ ਮਗਰੋਂ ਆਪਣੇ ਨਿੱਜੀ ਮੁਫਾਦਾਂ ਲਈ ਹੋਰ ਪਾਰਟੀਆਂ ਵਿਚ ਸ਼ਾਮਲ ਹੋ ਜਾਣਗੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਅਜਿਹੇ ਮੌਕਾਪ੍ਰਸਤ ਚੋਣ ਮੈਦਾਨ ਵਿਚ ਹਨ ਜੋ ਸੂਬੇ ਨੁੰ ਖੁੱਲ੍ਹੀ ਸਿਆਸੀ ਮੰਡੀ ਵਿਚ ਤਬਦੀਲ ਕਰਨ ਦਾ ਮੌਕਾ ਭਾਲ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਇਹ ਤਜ਼ਰਬਾ ਹੋਇਆ ਸੀ ਕਿ ਆਮ ਆਦਮੀ ਪਾਰਟੀ ਦੇ 20 ਵਿਚੋਂ 11 ਵਿਧਾਇਕਾਂ ਨੇ ਆਪਣੇ ਆਪ ਨੂੰ ਹੋਰਨਾਂ ਨੂੰ ਵੇਚ ਦਿੱਤਾ ਸੀ ਤੇ ਲੋਕਾਂ ਦੇ ਫਤਵੇ ਨਾਲ ਧੋਖਾ ਕੀਤਾ ਸੀ।
ਉਹਨਾਂ ਕਿਹਾ ਕਿ ਪੰਜਾਬ ਨੂੰ ਜ਼ਿੰਮੇਵਾਰ ਲੀਡਰਸ਼ਿਪ ਦੀ ਲੋੜ ਹੈ ਜੋ ਅਸਥਿਰਤਾ ਤੇ ਹਫੜਾ-ਦਫੜੀ ਤੋਂ ਬਚਾਵੇ। ਉਹਨਾਂ ਕਿਹਾ ਕਿ ਜੇਕਰ ਮੌਕਾਪ੍ਰਸਤ ਤੇ ਸਵਾਰਥੀ ਲੋਕਾਂ ਨੁੰ ਸੂਬਾ ਬਰਬਾਦ ਕਰਨ ਦਾ ਮੌਕਾ ਦੇ ਦਿੱਤਾ ਤਾਂ ਪੰਜਾਬ ਵਿਚ ਜੰਗਲ ਦਾ ਰਾਜ ਹੋ ਜਾਵੇਗਾ ਤੇ ਕਾਨੂੰ ਦਾ ਰਾਜ ਖਤਮ ਹੋ ਜਾਵੇਗਾ।
ਅਕਾਲੀ ਆਗੂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਤੋਂ ਮੌਕਾ ਮੰਗਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਤੇ ਸੂਬੇ ਤੋਂ ਇਸਦੇ ਦਰਿਆਈ ਪਾਣੀ ਖੋਹਣ ਵਾਸਤੇ ਸੁਪਰੀਮ ਕੋਰਟ ਵਿਚ ਕੇਸ ਦਾਇਰ ਕੀਤਾ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਗੁਰੂ ਸਾਹਿਬਾਨ ਦੀ ਭਾਸ਼ਾ ਪੜ੍ਹਾਉਣ ’ਤੇ ਪਾਬੰਦੀ ਲਗਾ ਦਿੰਤੀ ਹੈ ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਜ਼ੋਰਦਾਰ ਰਿਵੋਧ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹੇ ਵਿਅਕਤੀ ਨੂੰ ਮੌਕਾ ਮਿਲ ਗਿਆ ਤਾਂ ਪੰਜਾਬ ਸਭ ਕੁਝ ਗੁਆ ਲਵੇਗਾ ਕਿਉਂਕਿ ਭਗਵੰਤ ਮਾਨ ਵਿਚ ਕੇਜਰੀਵਾਲ ਨੁੰ ਸੂਬੇ ਨੁੰ ਲੁੱਟਣ ਤੋਂ ਰੋਕਣ ਦੀ ਜੁਰੱਅਤ ਨਹੀਂ ਹੈ।
ਇਸ ਤੋਂ ਪਹਿਲਾਂ ਲੰਬੀ ਹਲਕੇ ਵਿਚ ਵਿਸ਼ਾਲ ਰੈਲੀ ਨੁੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਬਹੁਤੇ ਉਮੀਦਵਾਰਾਂ ਨੇ ਪੈਸੇ ਨਾਲ ਟਿਕਟਾਂ ਖਰੀਦੀਆਂ ਹਨ ਅਤੇ ਜੇਕਰ ਉਹ ਚੁਣੇ ਗਏ ਤਾਂ ਉਹ ਯਕੀਨੀ ਤੌਰ ’ਤੇ ਪੈਸੇ ਲਈ ਤੇ ਹੋਰ ਸਵਾਰਥਾਂ ਲਈ ਆਪਣੀਆਂ ਸੀਟਾਂ ਵੇਚ ਦੇਣਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 62 ਉਮੀਦਵਰ ਤੇ ਕਾਂਗਰਸ ਦੇ ਬਹੁਤੇ ਉਮੀਦਵਾਰ ਦਲਬਦਲੂ ਹਨ ਜਿਹਨਾਂ ਨੇ ਆਪਣੀ ਮੌਜੂਦਾ ਪਾਰਟੀ ਛੱਡ ਕੇ ਹੋਰ ਸਿਆਸੀ ਪਾਰਟੀ ਅਪਣਾਈ ਹੈ ਤੇ ਉਹਨਾਂ ਦਾ ਇਮਾਨਦਾਰੀ ਨਾਲ ਕੋਈ ਸਰੋਕਾਰ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਇਹ ਉਮੀਦਵਾਰ ਚੁਣੇ ਗਏ ਤਾਂ ਤੁਸੀਂ ਵੇਖੋਗੇ ਕਿ ਪੰਜਾਬ ਵਿਧਾਇਕਾਂ ਦੀ ਖਰੀਦਾਰੀ ਦੀ ਥਾਂ ਬਣ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਕ ਸਿਆਸੀ ਪਾਰਟੀ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਉਸ ਵੱਲੋਂ ਲੋਕਾਂ ਦੀ ਮਰਜ਼ੀ ਅਨੁਸਾਰ ਕੀਤੇ ਤੇ ਨਿਭਾਏ ਵਾਅਦਿਆਂ ਤੋਂ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ ਹਨ ਭਾਵੇਂ ਉਹ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੀ ਗੱਲ ਹੋਵੇ ਜਾਂ ਫਿਰ ਗਰੀਬਾਂ ਨੂੰ ਸ਼ਗਨ, ਆਟਾ ਦਾਲ ਜਾਂ ਬੁਢਾਪਾ ਪੈਨਸ਼ਨਾਂ ਦਾ ਲਾਭ ਦੇਣ ਜਾਂ ਫਿਰ ਸੂਬੇ ਵਿਚ ਐਕਸਪ੍ਰੈਸਵੇਅ ਬਣਾਉਣ, ਪੰਜਾਬ ਨੁੰ ਬਿਜਲੀ ਸਰਪਲੱਸ ਬਣਾਉਣ, ਸੁਵਿਧਾ ਕੇਂਦਰ, ਮੈਰੀਟੋਰੀਅਸ ਸਕੂਲ, ਕੌਮਾਂਰਤੀ ਹਵਾਈ ਅੱਡੇ ਬਣਾਉਣ ਜਾਂ ਫਿਰ ਵਿਰਾਸਤ ਦੀ ਸੰਭਾਲ ਦੀ ਗੱਲ ਹੋਵੇ। ਉਹਨਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੁੰ ਚੁਣੌਤੀ ਦਿੱਤੀ ਕਿ ਉਹ ਇਕ ਵੀ ਅਜਿਹੀ ਗੱਲ ਦੱਸਣ ਜਿਹੜੇ ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਹੋਵੇ ਤੇ ਨਿਭਾਈ ਨਾ ਹੋਵੇ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਬਾਹਰਲਿਆਂ ਨੂੰ ਪੰਜਾਬ ਵਿਚ ਜੜ੍ਹਾ ਲਗਾਉਣ ਤੇ ਫਿਰ ਸੁਬੇ ਦੇ ਲੋਕਾਂ ਨੁੰ ਗੁਲਾਮ ਬਣਾਉਣ ਦੇ ਯਤਨਾਂ ਨੂੰ ਰੋਕਣ ਲਈ ਚੋਣ ਲੜਨ ਦਾ ਫੈਸਲਾ ਲਿਆ। ਉਹਨਾਂ ਕਿਹਾ ਕਿ ਮੈਂ ਸੂਬੇ ਦੀ ਸਿਆਸੀ ਸਥਿਰਤਾ ਦੇ ਨਾਲ ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਯਕੀਨੀ ਬਣਾਉਣਾ ਚਾਹੁੰਦਾ ਹਾਂ ਜੋ ਕਿ ਵਿਕਾਸ ਤੇ ਪ੍ਰਗਤੀ ਲਈ ਮੁਢਲੀ ਸ਼ਰਤ ਹੈ।