ਪੰਜਾਬ ਦੇ ਖੰਨਾ ‘ਚ ਐਤਵਾਰ ਦੇਰ ਰਾਤ ਨੈਸ਼ਨਲ ਹਾਈਵੇ ‘ਤੇ ਚਲਦੇ ਟਰੱਕ ਨੂੰ ਅਚਾਨਕ ਅੱਗ ਲਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਟਰੱਕ ਵਿਚ ਲੱਦੇ 7000 ਮੁਰਗੀ ਦੇ ਬੱਚੇ ਸੜ ਕੇ ਸੁਆਹ ਹੋ ਗਏ। ਹਾਈਵੇਅ ‘ਤੇ ਜਦੋਂ ਲੋਕਾਂ ਨੇ ਟਰੱਕ ਨੂੰ ਅੱਗ ਲੱਗੀ ਦੇਖੀ ਤਾਂ ਉਨ੍ਹਾਂ ਰੌਲਾ ਪਾ ਕੇ ਇਸ ਨੂੰ ਰੋਕ ਲਿਆ। ਅੱਗ ਟਰੱਕ ਦੇ ਡਰਾਈਵਰ ਦੇ ਕੈਬਿਨ ਤੱਕ ਪਹੁੰਚ ਗਈ ਸੀ। ਜੇਕਰ ਲੋਕ ਟਰੱਕ ਨੂੰ ਨਾ ਰੋਕਦੇ ਤਾਂ ਡਰਾਈਵਰ ਦੀ ਜਾਨ ਜਾ ਸਕਦੀ ਸੀ।
ਜਾਣਕਾਰੀ ਅਨੁਸਾਰ ਟਰੱਕ ਨੰਬਰ HR 67 ਡੀ 6240 ਕਰਨਾਲ ਤੋਂ ਜੰਮੂ-ਕਸ਼ਮੀਰ ਜਾ ਰਿਹਾ ਸੀ। ਟਰੱਕ ਦੇ ਡਰਾਈਵਰ ਅਭਿਸ਼ੇਕ ਨੇ ਦੱਸਿਆ ਕਿ ਉਹ ਕਸ਼ਮੀਰ ‘ਤੋਂ ਗੱਡੀ ਵਿੱਚ 8000 ਮੁਰਗੀ ਦੇ ਚੂਚੇ ਲੈ ਕੇ ਆਇਆ ਸੀ। ਜਿਸ ਨੂੰ ਉਸ ਨੇ ਜੰਮੂ-ਕਸ਼ਮੀਰ ਛੱਡਣਾ ਸੀ ਪਰ ਜਿਵੇਂ ਹੀ ਉਹ ਖੰਨਾ ਤੋਂ ਥੋੜਾ ਅੱਗੇ ਪਿੰਡ ਲਿਬੜਾ ਕੋਲ ਪਹੁੰਚਿਆ ਤਾਂ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਦੀ ਦੇਖ ਆਸ ਪਾਸ ਦੇ ਲੋਕ ਉਸ ਦੀ ਮਦਦ ਲਈ ਅੱਗੇ ਆਏ। ਰਾਹਗੀਰਾਂ ਨੇ ਤੁਰੰਤ ਘਰੋਂ ਬਾਲਟੀਆਂ ਵਿੱਚ ਪਾਣੀ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਕਾਮਯਾਬ ਨਾ ਹੋ ਸਕੇ।
ਇਹ ਵੀ ਪੜ੍ਹੋ : ਖੰਨਾ ਦੇ ਮਾਛੀਵਾੜਾ ਸਾਹਿਬ PNB ‘ਚ ਲੱਗੀ ਅੱਗ, 90 ਫੀਸਦੀ ਸਾਮਾਨ ਸੜ ਕੇ ਸੁਆਹ
ਇਸ ‘ਤੋਂ ਬਾਅਦ ਉਨ੍ਹਾਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਖੰਨਾ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਟੀਮ ਆਪਣੀ ਗੱਡੀ ਲੈ ਕੇ ਮੌਕੇ ‘ਤੇ ਪਹੁੰਚ ਗਈ ਸੀ। ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਆ ਕੇ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ ਸਾਰੀ ਗੱਡੀ ਅਤੇ 7000 ਮੁਰਗੇ ਸੜ ਕੇ ਸੁਆਹ ਹੋ ਗਏ ਸਨ। ਨੇੜਲੇ ਮਕਾਨ ਵਿੱਚ ਰਹਿੰਦੇ ਗੁਰਤੇਗ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਪਿੱਛੇ ਤੋਂ ਅੱਗ ਲੱਗੀ ਸੀ। ਫਿਲਹਾਲ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: