ਮੰਡੀ ਗੋਬਿੰਦਗੜ੍ਹ ਦੇ ਸ਼ਾਸ਼ਤਰੀ ਨਗਰ ਇਲਾਕੇ ‘ਚ ਇਕ ਘਰ ‘ਚ ਭਿਆਨਕ ਅੱਗ ਲੱਗ ਗਈ। ਇਹ ਇਲਾਕਾ ਇੰਨਾ ਤੰਗ ਹੈ ਕਿ ਇੱਥੇ ਨਾ ਤਾਂ ਫਾਇਰ ਬ੍ਰਿਗੇਡ ਦੀ ਜੀਪ ਪਹੁੰਚ ਸਕੀ ਅਤੇ ਨਾ ਹੀ ਫਾਇਰ ਇੰਜਣ। ਸਥਿਤੀ ਨੂੰ ਦੇਖਦੇ ਹੋਏ ਫਾਇਰ ਬ੍ਰਿਗੇਡ ਵਿਭਾਗ ਨੇ ਤੁਰੰਤ ਕਰੀਬ 500 ਮੀਟਰ ਪਾਈਪ ਲਗਾ ਕੇ ਅੱਗ ‘ਤੇ ਕਾਬੂ ਪਾਇਆ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਨਹੀਂ ਤਾਂ ਥੋੜ੍ਹੀ ਜਿਹੀ ਦੇਰੀ ਨਾਲ ਆਸਪਾਸ ਦੇ ਘਰਾਂ ਨੂੰ ਨੁਕਸਾਨ ਪਹੁੰਚ ਸਕਦਾ ਸੀ।
ਮੌਕੇ ‘ਤੇ ਮੌਜੂਦ ਅੱਗ ਬੁਝਾਊ ਵਿਭਾਗ ਦੇ ਵਧੀਕ ਜ਼ਿਲ੍ਹਾ ਫਾਇਰ ਅਫ਼ਸਰ ਪ੍ਰਦੀਪ ਕੁਮਾਰ ਅਤੇ ਫਾਇਰ ਅਫਸਰ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਸਤਰੀ ਨਗਰ ‘ਚ ਘਰ ਦੇ ਅੰਦਰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਲਾਕਾ ਤੰਗ ਹੋਣ ਕਾਰਨ ਪਹਿਲਾਂ ਫਾਇਰ ਵਿਭਾਗ ਦੇ 2 ਕਰਮਚਾਰੀ ਛੋਟੇ ਸਿਲੰਡਰਾਂ ਨਾਲ ਮੋਟਰਸਾਈਕਲ ‘ਤੇ ਅੱਗ ਬੁਝਾਊ ਯੰਤਰ ਲੈ ਕੇ ਗਏ।
ਫਾਇਰ ਅਫਸਰ ਜਗਜੀਤ ਸਿੰਘ ਨੇ ਦੱਸਿਆ ਅੱਗ ਭਿਆਨਕ ਹੋਣ ਕਾਰਨ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ਤੇ ਲਿਜਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਵਾਹਨ ਮੌਕੇ ’ਤੇ ਨਹੀਂ ਪਹੁੰਚ ਸਕੇ। ਜਿੱਥੋਂ ਤੱਕ ਗੱਡੀਆਂ ਜਾ ਸਕਦੀਆਂ ਸਨ, ਉਨ੍ਹਾਂ ਨੂੰ ਉੱਥੇ ਹੀ ਰੋਕ ਲਿਆ ਗਿਆ। ਉਥੋਂ ਘਟਨਾ ਸਥਾਨ ਤੱਕ ਕਰੀਬ 500 ਮੀਟਰ ਪਾਈਪਾਂ ਪਾਉਣੀਆਂ ਪਈਆਂ।
ਇਹ ਵੀ ਪੜ੍ਹੋ : ਮੁੰਬਈ-NCB ਨੇ ਡਰੱਗ ਤਸਕਰੀ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 50 ਕਰੋੜ ਦਾ ਮੇਫੇਡ੍ਰੋਨ ਤੇ ਕੈਸ਼ ਜ਼ਬਤ
ਉਨ੍ਹਾਂ ਅਨੁਸਾਰ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਅੱਗ ਗੈਸ ਸਿਲੰਡਰਾਂ ਤੱਕ ਵੀ ਪਹੁੰਚ ਗਈ ਸੀ ਪਰ ਸਮੇਂ ਰਹਿੰਦੇ ਫਾਇਰ ਕਰਮੀਆਂ ਨੇ ਸਿਲੰਡਰਾਂ ਨੂੰ ਬਾਹਰ ਕੱਢ ਲਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਇਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ, ਜਿਸ ਤੋਂ ਬਚਾਅ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: