ਪਟਿਆਲਾ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਸਰਪੰਚ ਨੂੰ ਪੁਲਿਸ ਨੇ ਯੂਕੋ ਬੈਂਕ ਡਕੈਤੀ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਸਰਪੰਚ ਦੇ ਨਾਲ ਇਸ ਘਟਨਾ ਵਿੱਚ 3 ਹੋਰ ਲੋਕ ਵੀ ਸ਼ਾਮਲ ਸਨ। ਇਹ ਘਟਨਾ ਸੋਮਵਾਰ ਸ਼ਾਮ 4 ਵਜੇ ਥਾਣਾ ਘਨੌਰ ਨੇੜੇ ਯੂਕੋ ਬੈਂਕ ਕੋਲ ਵਾਪਰੀ ਸੀ।
ਮੁਲਜ਼ਮਾਂ ਨੇ 15 ਮਿੰਟਾਂ ਵਿੱਚ ਬੈਂਕ ਵਿੱਚੋਂ 17 ਲੱਖ ਰੁਪਏ ਲੁੱਟ ਲਏ ਸਨ। ਲੁਟੇਰੇ ਪੈਸੇ ਲੁੱਟ ਕੇ ਬੁਲਟ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ ਸਨ। ਮੁਲਜ਼ਮਾਂ ਨੇ ਘਨੌਰ ਤੋਂ ਇੱਕ ਕਿਲੋਮੀਟਰ ਦੂਰ ਮੈਰਿਜ ਪੈਲੇਸ ਦੇ ਬਾਹਰ ਬੁਲੇਟ ਨੂੰ ਛੱਡੀ ਤੇ ਇਸ ਤੋਂ ਬਾਅਦ ਤਿੰਨੋਂ ਸਵਿਫਟ ਕਾਰ ਵਿੱਚ ਰੂਪਨਗਰ ਪੁੱਜੇ। ਮੁਲਜ਼ਮ ਦਿਲਪ੍ਰੀਤ ਸਿੰਘ ਭਾਨਾ ਦੇ ਖੇਤਾਂ ਵਾਲੀ ਮੋਟਰ ‘ਤੇ ਜਾ ਕੇ ਲੁਕਾ ਕੇ ਪੈਸੇ ਦੀ ਵੰਡ ਬਦਮਾਸ਼ ਕਰ ਰਹੇ ਸਨ। ਇਸੇ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਦਬੋਚ ਲਿਆ।
ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਕਾਂਗਰਸੀ ਸਰਪੰਚ ਅਮਨਦੀਪ ਸਿੰਘ ਵਾਸੀ ਪਿੰਡ ਹਾਫਿਜ਼ਾਬਾਦ, ਥਾਣਾ ਚਮਕੌਰ ਸਾਹਿਬ, ਰੂਪਨਗਰ, ਦਿਲਪ੍ਰੀਤ ਸਿੰਘ ਉਰਫ਼ ਭਾਨਾ ਵਾਸੀ ਪਿੰਡ ਬਾਲਸੰਡਾ, ਥਾਣਾ ਚਮਕੌਰ ਸਾਹਿਬ, ਰੂਪਨਗਰ ਅਤੇ ਪ੍ਰਭਦਿਆਲ ਸਿੰਘ ਨਿੱਕੂ ਅਤੇ ਨਰਿੰਦਰ ਸਿੰਘ ਵਾਸੀ ਪਿੰਡ ਬਲਰਾਮਪੁਰ, ਥਾਣਾ ਚਮਕੌਰ ਸਾਹਿਬ, ਰੂਪਨਗਰ ਨੂੰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਅਮਨਦੀਪ ਸਿੰਘ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਰਿਹਾ ਹੈ।
ਯੂਕੋ ਬੈਂਕ ਡਕੈਤੀ ਦਾ ਮੁੱਖ ਮਾਸਟਰਮਾਈਂਡ ਅਮਨਦੀਪ ਹੈ, ਜੋ ਹਾਫਿਜ਼ਾਬਾਦ ਪਿੰਡ ਦਾ ਮੌਜੂਦਾ ਸਰਪੰਚ ਹੈ। ਉਸ ਨੇ ਘਨੌਰ ਦੇ ਯੂਕੋ ਬੈਂਕ ਦੀ ਰੇਕੀ ਕੀਤੀ, ਜਿਸ ਤੋਂ ਬਾਅਦ ਆਪਣੇ ਤਿੰਨ ਹੋਰ ਸਾਥੀਆਂ ਨਾਲ ਸੋਮਵਾਰ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਪਹੁੰਚਿਆ। ਸਰਪੰਚ ਸਣੇ ਤਿੰਨ ਮੁਲਜ਼ਮ ਬੈਂਕ ਅੰਦਰ ਦਾਖ਼ਲ ਹੋਏ, ਜਿਨ੍ਹਾਂ ਨੇ ਹਥਿਆਰ ਦਿਖਾ ਕੇ ਬੈਂਕ ਮੈਨੇਜਰ ਅਮਿਤ ਥੱਮਣ ਵਾਸੀ ਸੰਨੀ ਐਨਕਲੇਵ ਦੇਵੀਗੜ੍ਹ ਰੋਡ ਸਣੇ ਸਾਰੇ ਸਟਾਫ਼ ਨੂੰ ਬੰਧਕ ਬਣਾ ਲਿਆ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, 1 ਦਸੰਬਰ ਨੂੰ ਲਾਂਚ ਹੋਵੇਗਾ ਰਿਟੇਲ ਡਿਜੀਟਲ ਰੁਪਏ ਦਾ ਪਹਿਲਾ ਟ੍ਰਾਇਲ
ਮੁਲਜ਼ਮ ਪ੍ਰਭਦਿਆਲ ਸਿੰਘ ਸ਼ੰਭੂ ਰੋਡ ’ਤੇ ਸਵਿਫਟ ਕਾਰ ਲੈ ਕੇ ਉਸ ਦੀ ਉਡੀਕ ਕਰ ਰਿਹਾ ਸੀ। 15 ਮਿੰਟਾਂ ਵਿੱਚ ਹੀ ਬਿਨਾਂ ਸਕਿਓਰਿਟੀ ਗਾਰਡ ਦੇ ਇਸ ਬੈਂਕ ਵਿੱਚੋਂ 17 ਲੱਖ ਰੁਪਏ ਲੁੱਟਣ ਤੋਂ ਬਾਅਦ ਤਿੰਨੋਂ ਬੈਂਕ ਦੇ ਇੱਕ ਗਾਹਕ ਦਾ ਬੁਲੇਟ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ।
ਐੱਸ.ਐੱਸ.ਪੀ. ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ.-ਡੀ ਹਰਬੀਰ ਅਟਵਾਲ, ਡੀ.ਐੱਸ.ਪੀ.-ਡੀ ਸੁਖਅੰਮ੍ਰਿਤ ਰੰਧਾਵਾ, ਡੀਐਸਪੀ ਘਨੌਰ ਰਘੁਬੀਰ ਸਿੰਘ, ਘਨੌਰ ਇੰਚਾਰਜ ਸਾਹਿਬ ਸਿੰਘ ਦੀ ਅਗਵਾਈ ਹੇਠ ਟੀਮ ਮੌਕੇ ’ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਤਕਨੀਕੀ ਜਾਂਚ ਸ਼ੁਰੂ ਕੀਤੀ ਗਈ। ਟੀਮਾਂ ਦੀ ਮਦਦ ਨਾਲ ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਅਤੇ ਮੋਬਾਈਲ ਟਾਵਰ ਦੀ ਲੋਕੇਸ਼ਨ ਦਾ ਡੰਪ ਲੈ ਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ | ਪੁਲਿਸ ਨੇ ਮੁਲਜ਼ਮਾਂ ਕੋਲੋਂ 100 ਫੀਸਦੀ ਮੁਕੰਮਲ ਬਰਾਮਦਗੀ ਕਰ ਲਈ ਹੈ।
ਲੁੱਟ-ਖੋਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸਰਪੰਚ ਅਮਨਦੀਪ ਸਿੰਘ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਰਿਹਾ ਹੈ। 35 ਸਾਲਾ ਅਮਨਦੀਪ ਸਿੰਘ 10ਵੀਂ ਪਾਸ ਹੈ, ਜਿਸ ਖ਼ਿਲਾਫ਼ ਸੱਤ ਕੇਸ ਦਰਜ ਹਨ। ਉਸ ਖ਼ਿਲਾਫ਼ ਰੂਪਨਗਰ ਜ਼ਿਲ੍ਹੇ ਵਿੱਚ ਪੰਜ, ਫਤਹਿਗੜ੍ਹ ਸਾਹਿਬ ਵਿੱਚ ਇੱਕ ਅਤੇ ਘਨੌਰ ਕੇਸ ਸਣੇ ਸੱਤ ਕੇਸ ਦਰਜ ਹਨ। 27 ਸਾਲਾ ਮੁਲਜ਼ਮ ਦਿਲਪ੍ਰੀਤ ਸਿੰਘ ਅੱਠਵੀਂ ਪਾਸ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਰੂਪਨਗਰ ਵਿੱਚ ਦੋ ਕੇਸ ਦਰਜ ਹਨ। ਜਦਕਿ 47 ਸਾਲਾ ਨਰਿੰਦਰ ਸਿੰਘ 12ਵੀਂ ਪਾਸ ਹੈ, ਜੋ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸੀ। ਇਸ ਦੇ ਨਾਲ ਹੀ 36 ਸਾਲਾ ਪ੍ਰਭਦਿਆਲ ਸਿੰਘ 10ਵੀਂ ਪਾਸ ਹੈ, ਜੋ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -: