ਦਿੱਲੀ ਤੋਂ ਟੂਰਿਸਟ ਤੇ ਸਥਾਨਕ ਲੋਕ ਹੁਣ ਸਿੱਧੇ ਲੇਹ ਪਹੁੰਚ ਸਕਣਗੇ। ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਨੇ ਦੁਨੀਆ ਦੇ ਸਭ ਤੋਂ ਉੱਚੇ ਰੂਟ ਦਿੱਲੀ-ਲੇਹ ‘ਤੇ ਲਗਭਗ 9 ਮਹੀਨਿਆਂ ਬਾਅਦ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਇਹ ਬੱਸ ਸੇਵਾ ਅੱਜ 5.30 ਵਜੇ ਕੇਲਾਂਗ ਤੋਂ ਦਿੱਲੀ ਜ਼ਰੀਏ ਰਵਾਨਾ ਹੋਈ।
ਪਹਿਲੇ ਹੀ ਦਿਨ ਕੇਲਾਂਗ ਤੋਂ 30 ਯਾਤਰੀ ਆਪਣੇ ਅਗਲੇ ਪੜਾਅ ਵੱਲ ਬੱਸ ਵਿਚ ਨਿਕਲੇ। HRTC ਨੇ ਆਨਲਾਈਨ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਰੂਟ ‘ਤੇ ਬੱਸ ਸੇਵਾ ਸ਼ੁਰੂ ਹੋਣ ਨਾਲ ਲੋਕ ਹੁਣ ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਸਣੇ ਲੇਹ-ਲੱਦਾਖ ਦੀ ਸੈਰ ਇਕ ਹੀ ਬੱਸ ਤੋਂ ਕਰ ਸਕਣਗੇ।
ਦਿੱਲੀ ਤੋਂ ਲੇਹ ਤੱਕ ਲਗਭਗ 1026 ਕਿਲੋਮੀਟਰ ਲੰਬੇ ਸਫਰ ਦਾ 1740 ਰੁਪਏ ਕਿਰਾਇਆ ਦੇਣਾ ਹੋਵੇਗਾ। ਇਹ ਸਫਰ ਲਗਭਗ 30 ਘੰਟੇ ਵਿਚ ਪੂਰਾ ਹੋਵੇਗਾ। ਪਿਛਲੇ ਸਾਲ ਬਰਫਬਾਰੀ ਦੇ ਬਾਅਦ ਸਤੰਬਰ 2022 ਵਿਚ ਇਹ ਬੱਸ ਬੰਦ ਹੋ ਗਈ ਸੀ। ਬੀਤੇ ਸਾਲ 15 ਜੂਨ ਨੂੰ ਬੱਸ ਸਰਵਿਸ ਸ਼ੁਰੂ ਹੋਈ ਸੀ ਪਰ ਇਸ ਵਾਰ ਇਕ ਹਫਤੇ ਪਹਿਲਾਂ ਸ਼ੁਰੂ ਹੋ ਗਈ।
ਦਿੱਲੀ-ਲੇਹ ਰੂਟ ‘ਤੇ ਸਫਰ ਬਹੁਤ ਦਿਲਚਸਪ ਹੋਵੇਗਾ। ਦਿੱਲੀ ਤੋਂ ਚੱਲਣ ਦੇ ਬਾਅਦ ਬੱਸ ਪਹਿਲੇ ਤਿੰਨ ਮੈਦਾਨੀ ਸੂਬਿਆਂ ਤੋਂ ਹੋ ਕੇ ਹਿਮਾਚਲ ਤੇ ਫਿਰ ਲੇਹ ਪਹੁੰਚੇਗੀ। ਇਸ ਬੱਸ ਨਾਲ ਸੈਲਾਨੀ 16500 ਫੁੱਟ ਉੱਚੇ ਬਾਰਾਲਾਚਾ, 15547 ਫੁੱਟ ਨਕਿੱਲਾ, 17480 ਫੁੱਟ ਉੱਚੇ ਤੰਗਲਾਂਗਲਾ ਤੇ 16616 ਫੁੱਚ ਉੱਚੇ ਲਾਚੁੰਗ ਦੱਰੇ ਦੇ ਖੂਬਸੂਰਤ ਨਜ਼ਾਰਿਆਂ ਦਾ ਮਜ਼ਾ ਲੈ ਸਕਣਗੇ।
ਇਨ੍ਹਾਂ ਦੱਰਿਆਂ ਵਿਚ ਬੱਸ ਬਰਫ ਦੇ ਉੱਚੇ-ਉੱਚੇ ਪਹਾੜਾਂ ਨੂੰ ਚੀਰਦੇ ਹੋਏ ਅੱਗੇ ਵਧੇਗੀ। ਇਹ ਅਦਭੁੱਤ ਨਜ਼ਾਰਾ ਹਰ ਸਾਲ 3 ਤੋਂ 4 ਮਹੀਨੇ ਤੱਕ ਹੀ ਦੇਖਣ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ : ਬਰਖਾਸਤ CIA ਇੰਸਪੈਕਟਰ ਖਿਲਾਫ ED ਦੀ ਕਾਰਵਾਈ, ਅੰਮ੍ਰਿਤਸਰ ‘ਚ 1.32 ਕਰੋੜ ਦੀ ਜਾਇਦਾਦ ਕੀਤੀ ਜ਼ਬਤ
ਲੇਹ ਦਿੱਲੀ ਰੂਟ ‘ਤੇ 30 ਘੰਟੇ ਦੇ ਸਫਰ ਵਿਚ 3 ਡਰਾਈਵਰ ਤੇ 2 ਕੰਡਕਟਰ ਸੇਵਾਵਾਂ ਦੇਣਗੇ। ਲੇਹ ਤੋਂ ਚੱਲਣ ‘ਤੇ ਪਹਿਲਾ ਡਰਾਈਵਰ ਬੱਸ ਨੂੰ ਕੇਲਾਂਗ ਪਹੁੰਚਾਏੇਗਾ। ਦੂਜਾ ਕੇਲਾਂਗ ਤੋਂ ਸੁੰਦਰਨਗਰ, ਤੀਜਾ ਸੁੰਦਰਨਗਰ ਤੋਂ ਦਿੱਲੀ ਤੱਕ ਸਫਰ ਕਰਵਾਏਗਾ। ਇਸੇ ਤਰ੍ਹਾਂ ਇਕ ਕੰਡਕਟਰ ਲੇਹ ਤੋਂ ਕੇਲਾਂਗ ਤੱਕ ਤੇ ਦੂਜਾ ਕੇਲਾਂਗ ਤੋਂ ਦਿੱਲੀ ਤੱਕ ਸੇਵਾਵਾਂ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -: