Husband friend raped woman : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਦੇ ਪਤੀ ਦੇ ਦੋਸਤ ਨੇ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੀ ਪੱਤ ਲੁੱਟ ਕੇ ਉਸ ਦੀ ਵੀਡੀਓ ਬਣਾ ਲਈ। ਜਦੋਂ ਪੀੜਤ ਔਰਤ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਉਸ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੇ ਉਸਨੂੰ ਕਸੂਰਵਾਰ ਠਹਿਰਾਇਆ। ਹੁਣ ਇਹ ਔਰਤ ਦਿੱਲੀ ਸਥਿਤ ਆਪਣੇ ਪੇਕੇ ਘਰ ਚਲੀ ਗਈ ਹੈ, ਜਿਥੇ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਉਸ ਨੇ ਦੋਸ਼ੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਅੰਮ੍ਰਿਤਸਰ ਦੇ ਡੀ ਡਵੀਜ਼ਨ ਥਾਣੇ ਦੀ ਪੁਲਿਸ ਨੇ ਮੁਲਜ਼ਮ ਦਾ ਨਾਮ ਦਿੱਲੀ ਵਿੱਚ ਦਰਜ ਜ਼ੀਰੋ ਐਫਆਈਆਰ ਦੇ ਅਧਾਰ ’ਤੇ ਨਾਮਜ਼ਦ ਕੀਤਾ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਕਾਰਵਾਈ ਕਰ ਰਿਹਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਉਹ ਦਿੱਲੀ ਦੀ ਰਹਿਣ ਵਾਲੀ ਹੈ। ਉਸਦਾ ਵਿਆਹ ਸਾਲ 2014 ਵਿੱਚ ਅੰਮ੍ਰਿਤਸਰ ਵਿੱਚ ਹੋਇਆ ਸੀ। ਉਸ ਦੇ ਦੋ ਬੱਚੇ ਵੀ ਹਨ। ਉਸ ਦੇ ਪਤੀ ਦੇ ਦੋਸਤ ਸੰਦੀਪ ਅਰੋੜਾ ਦਾ ਘਰ ਕਾਫੀ ਆਉਣਾ-ਜਾਣਾ ਹੈ। ਉਹ ਵਿਆਹਿਆ ਹੋਇਆ ਹੈ ਅਤੇ ਉਸ ’ਤੇ ਅਪਰਾਧਿਕ ਕੇਸ ਵੀ ਦਰਜ ਹਨ।
ਪੀੜਤ ਔਰਤ ਨੇ ਦੱਸਿਆ ਕਿ ਸੰਦੀਪ ਦੇ ਉਸ ਦੀ ਨਨਾਣ ਨਾਲ ਪ੍ਰੇਮ ਸਬੰਧ ਚੱਲ ਰਹੇ ਹਨ। ਉਸਨੇ ਉਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਇਸ ਬਾਰੇ ਸਹੁਰਿਆਂ ਨੂੰ ਦੱਸਿਆ। ਪਰ ਉਨ੍ਹਾਂ ਨੇ ਔਰਤ ਦੀ ਗੱਲ ‘ਤੇ ਵਿਸ਼ਵਾਸ ਨਹੀਂ ਕੀਤਾ। ਇਸੇ ਦੌਰਾਨ ਇਕ ਦਿਨ ਸੰਦੀਪ ਘਰ ਆਇਆ ਅਤੇ ਉਸ ਨੇ ਮੌਕਾ ਪਾ ਕੇ ਉਸ ਨੂੰ ਕੋਲਡ ਡ੍ਰਿੰਕ ਦਿੱਤੀ। ਕੋਲਡ ਡ੍ਰਿੰਕ ਪੀਂਦੇ ਹੀ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਸੰਦੀਪ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਉਸਨੇ ਇਸ ਬਾਰੇ ਸਹੁਰਿਆਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਔਰਤ ਦੀ ਹੀ ਗਲਤੀ ਕੱਢ ਦਿੱਤੀ ਅਤੇ ਉਸ ਨੂੰ ਕਸੂਰਵਾਰ ਠਹਿਰਾ ਦਿੱਤਾ। ਇਸ ਸਭ ਤੋਂ ਬਾਅਦ, ਔਰਤ ਆਪਣੇ ਪੇਕੇ ਘਰ ਚਲੀ ਗਈ। ਉਥੇ ਜਾਣ ਤੋਂ ਬਾਅਦ ਉਸਨੇ ਦਿੱਲੀ ਦੇ ਮੁਖਰਜੀ ਨਗਰ ਥਾਣੇ ਵਿਚ ਜ਼ੀਰੋ ਐਫਆਈਆਰ ਦਰਜ ਕੀਤੀ।