ਪੰਜਾਬ ਵਿਜੀਲੈਂਸ ਨੇ ਸ਼ਨੀਵਾਰ ਨੂੰ ਹੁਸ਼ਿਆਰਪੁਰ ਦੀ ਨਗਰ ਪੰਚਾਇਤ ਮਾਹਲਪੁਰ ਵਿੱਚ ਤਾਇਨਾਤ ਇੱਕ ਜੂਨੀਅਰ ਸਹਾਇਕ ਨੂੰ 24 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਉਸ ਦੀ ਪਛਾਣ ਸ਼ੀਸ਼ਪਾਲ ਵਜੋਂ ਹੋਈ ਹੈ। ਇਹ ਕਾਰਵਾਈ ਹਿਮਾਚਲ ਪ੍ਰਦੇਸ਼ ਵਾਸੀ ਰਵਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਰਵਿੰਦਰ ਕੁਮਾਰ ਨੇ 14 ਜੁਲਾਈ ਨੂੰ ਐਂਟੀ ਕੁਰੱਪਸ਼ਨ ਐਕਸ਼ਨ ਹੈਲਪਲਾਈਨ ਨੰਬਰ (95012-00200) ‘ਤੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿੱਚ ਦੱਸਿਆ ਗਿਆ ਕਿ ਉਹ ਸਾਲ 2011 ਤੋਂ ਸਾਲ 2016 ਤੱਕ ਨਗਰ ਪੰਚਾਇਤ ਮਾਹਲਪੁਰ ਵਿੱਚ ਬਤੌਰ ਸੈਕਸ਼ਨ ਅਫਸਰ ਤਾਇਨਾਤ ਸਨ। ਪਰ 28 ਦਸੰਬਰ 2021 ਨੂੰ ਥਾਣਾ ਮਾਹਲਪੁਰ ਵਿੱਚ ਆਈਪੀਸੀ ਦੀ ਧਾਰਾ-306 ਅਤੇ 506 ਤਹਿਤ ਦਰਜ ਹੋਏ ਕੇਸ ਵਿੱਚ ਦੋਸ਼ੀ ਪਾਏ ਜਾਣ ’ਤੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਕਰਨਾਲ ‘ਚ ਫਿਰ ਹੜ੍ਹ ਦਾ ਖਤਰਾ: 12 ਪਿੰਡਾਂ ‘ਚ ਅਲਰਟ ਜਾਰੀ, ਡੈਮ ‘ਤੇ ਪਹੁੰਚੀਆਂ ਟੀਮਾਂ
ਸ਼ਿਕਾਇਤਕਰਤਾ ਰਵਿੰਦਰ ਕੁਮਾਰ ਅਨੁਸਾਰ ਉਸ ਨੇ ਆਪਣੇ ਪ੍ਰਾਵੀਡੈਂਟ ਫੰਡ (PF) ਵਿੱਚੋਂ 3,40,116 ਰੁਪਏ ਕਢਵਾਉਣੇ ਸਨ। ਇਸ ਦੇ ਲਈ ਉਸ ਨੇ ਈਓ ਅਧਿਕਾਰੀ ਦੇ ਦਫ਼ਤਰ ਵਿੱਚ ਅਰਜ਼ੀ ਦਿੱਤੀ ਸੀ। ਉਸ ਦੇ ਵਟਸਐਪ ਨੰਬਰ ‘ਤੇ ਵੀ ਮੈਸੇਜ ਭੇਜੇ ਪਰ ਦੋਸ਼ੀ ਜੂਨੀਅਰ ਸਹਾਇਕ ਸ਼ੀਸ਼ਪਾਲ ਨੇ 22 ਜੂਨ 2023 ਨੂੰ ਪ੍ਰਾਵੀਡੈਂਟ ਫੰਡ ਦੀ ਰਕਮ ਜਾਰੀ ਕਰਨ ਦੇ ਬਦਲੇ ਉਸ ਤੋਂ ਰਿਸ਼ਵਤ ਦੀ ਮੰਗ ਕੀਤੀ।
ਦੋਸ਼ੀ ਜੂਨੀਅਰ ਸਹਾਇਕ ਨੇ ਸ਼ਿਕਾਇਤਕਰਤਾ ਨੂੰ ਆਪਣਾ ਨਿੱਜੀ ਬੈਂਕ ਖਾਤਾ ਨੰਬਰ ਭੇਜ ਦਿੱਤਾ। ਇਸ ਤੋਂ ਬਾਅਦ ਰਿਸ਼ਵਤ ਦੇ 24 ਹਜ਼ਾਰ ਰੁਪਏ ਸ਼ਿਕਾਇਤਕਰਤਾ ਰਵਿੰਦਰ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਗਏ। ਵਿਜੀਲੈਂਸ ਨੇ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: