ਅਮਰੀਕਾ ‘ਚ ਲਾਰੈਂਸ ਬਿਸ਼ਨੋਈ ਅਤੇ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਗੈਂਗ ਵਾਰ ਦੇ ਖਦਸ਼ੇ ‘ਤੇ ਅਮਰੀਕੀ ਖੁਫੀਆ ਏਜੰਸੀ ਨੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਅਤੇ ਪੁਲਿਸ ਨੇ ਕੈਲੀਫੋਰਨੀਆ ਵਿੱਚ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਐਤਵਾਰ ਰਾਤ ਨੂੰ ਕੀਤੀ ਗਈ ਕਾਰਵਾਈ ‘ਚ 16 ਕਾਰਕੁਨਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਦੇ ਨਾਲ ਹੀ 30 ਹਥਿਆਰ, ਅਫੀਮ, ਸਟੀਰਾਇਡ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਦੇ ਦੋ ਸਾਥੀਆਂ ਪਵਿੱਤਰ ਸਿੰਘ ਅਤੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਵਿਤਰ ਸਿੰਘ ਅਤੇ ਸੰਦੀਪ ਦੇ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਗੋਲਡੀ ਬਰਾੜ ਤੱਕ ਪਹੁੰਚ ਕੀਤੀ ਜਾ ਸਕੇ। FBI ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਕਿਹੜੇ ਖਾਤਿਆਂ ਅਤੇ ਕਿਸ ਹਵਾਲਾ ਨੈੱਟਵਰਕ ਰਾਹੀਂ ਇਸ ਗਿਰੋਹ ਨੂੰ ਭਾਰਤ ਤੋਂ ਫਿਰੌਤੀ ਦੀ ਰਕਮ ਮਿਲਦੀ ਹੈ।
ਭਾਰਤ ਸਰਕਾਰ ਵੱਲੋਂ ਸੌਂਪੀ ਗਈ ਸੂਚੀ ਅਨੁਸਾਰ FBI ਲਾਰੈਂਸ ਦੇ ਕਰੀਬੀ ਗੋਲਡੀ ਬਰਾੜ ਸਮੇਤ ਜੱਗੂ ਭਗਵਾਨਪੁਰੀਆ ਨਾਲ ਜੁੜੇ ਗਰੋਹ ਨੂੰ ਫੜਨ ਲਈ ਦੋ ਮਹੀਨਿਆਂ ਤੋਂ ਕੰਮ ਕਰ ਰਹੀ ਸੀ। FBI ਅਮਰੀਕਾ ਦੇ 7 ਸ਼ਹਿਰਾਂ ਵਿੱਚ ਇਨ੍ਹਾਂ ਦੋਵਾਂ ਗੈਂਗਾਂ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖ ਰਹੀ ਸੀ। ਅਧਿਕਾਰੀਆਂ ਨੂੰ ਇਨਪੁਟਸ ਮਿਲੇ ਸਨ ਕਿ ਦੋਵੇਂ ਗੈਂਗ ਅਮਰੀਕਾ ਦੇ ਦੋ ਵੱਡੇ ਸ਼ਹਿਰਾਂ ਵਿਚ ਵਿਸਾਖੀ ਦੇ ਪ੍ਰੋਗਰਾਮ ਵਿਚ ਖੂਨ ਖਰਾਬਾ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ‘ਚੋਂ ਚੋਰੀ ਬੱਚਾ ਬਰਾਮਦ, ਪੁਲਿਸ ਨੇ 12 ਘੰਟਿਆਂ ‘ਚ ਮੁਲਜ਼ਮ ਜੋੜੇ ਨੂੰ ਦਬੋਚਿਆ
ਜਿਸ ਤੋਂ ਬਾਅਦ ਭਾਰਤੀ ਸਮੇਂ ਮੁਤਾਬਕ ਐਤਵਾਰ ਅੱਧੀ ਰਾਤ ਨੂੰ ਕੈਲੀਫੋਰਨੀਆ ‘ਚ 50 ਤੋਂ ਵੱਧ ਟੀਮਾਂ ਨੇ ਮਿਲ ਕੇ ਛਾਪੇਮਾਰੀ ਕੀਤੀ। ਆਪ੍ਰੇਸ਼ਨ ਸਵੇਰੇ 5 ਵਜੇ ਸਮਾਪਤ ਹੋਇਆ। ਸਾਰੀਆਂ ਟੀਮਾਂ ਕੈਲੀਫੋਰਨੀਆ ਦੇ ਯੂਬਾ ਸਿਟੀ ਸਥਿਤ ਹੈੱਡਕੁਆਰਟਰ ‘ਤੇ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ। ਹਾਲਾਂਕਿ, ਕੁਝ ਭਾਰਤੀ ਲੜਕਿਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਕਿਉਂਕਿ ਉਨ੍ਹਾਂ ਦਾ ਦੋਵਾਂ ਗਰੋਹਾਂ ਨਾਲ ਕੋਈ ਸਬੰਧ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: