ਲੁਧਿਆਣਾ ਵਿਚ ਤਾਇਨਾਤ ਰਹੇ ਸਾਬਕਾ ਡੀਐੱਸਪੀ ਬਲਵਿੰਦਰ ਸੇਖੋਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੇਖੋਂ ਖਿਲਾਫ ਹਾਈਕੋਰਟ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਸੇਖੋਂ ਨੇ ਹਾਈਕੋਰਟ ਜੱਜ ‘ਤੇ ਭ੍ਰਿਸ਼ਟਾਚਾਰੀ ਤੇ ਸਰਕਾਰਾਂ ਨਾਲ ਮਿਲੀਭੁਗਤ ਸਣੇ ਕਈ ਦੋਸ਼ ਲਗਾਏ ਸਨ। ਸੇਖੋਂ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਖਿਲਾਫ ਗਲਤ ਟਿੱਪਣੀ ਤੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ।
ਕੋਰਟ ਨੇ ਪੁਲਿਸ ਨੂੰ ਸੇਖੋਂ ਨੂੰ ਜਲਦ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ। ਦੂਜੇ ਪਾਸੇ ਸੇਖੋਂ ਦਾ ਕਹਿਣਾ ਹੈਕਿ ਉਹ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਲੜਾਈ ਲੜ ਰਹੇ ਹਨ, ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਬਲਵਿੰਦਰ ਸੇਖੋਂ ਨੇ ਪੰਜਾਬ ਵਿਚ ਵੱਧ ਰਹੇ ਨਸ਼ੇ ਨੂੰ ਲੈ ਕੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਦੋ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਸਣੇ ਕੁਝ ਨੇਤਾਵਾਂ ‘ਤੇ ਨਸ਼ਾ ਵੇਚਣ ਦੇ ਦੋਸ਼ ਲਗਾਏ ਹਨ। ਸੇਖੋਂ ਦਾ ਕਹਿਣਾ ਸੀ ਕਿ ਅਦਾਲਤ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੋਂ ਕਿ ਦੋ ਦਿਨ ਪਹਿਲਾਂ ਵੀ ਕੇਸ ਦੀ ਸੁਣਵਾਈ ਸੀ।
ਬਲਵਿੰਦਰ ਸੇਖੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵਿਵਾਦ ਹੋਣ ਦੇ ਸਾਹਮਣੇ ਆਏ ਸਨ ਜਿਸ ਦੇ ਬਾਅਦ ਹਾਈਕੋਰਟ ਨੇ ਉਨ੍ਹਾਂ ਨੇ ਨੌਕਰੀ ਤੋਂ ਡਿਸਮਿਸ ਕਰਨ ਦੇ ਹੁਕਮ ਦਿੱਤੇ ਸਨ ਜਿਸ ਦੇ ਬਾਅਦ ਤੋਂ ਸੇਖੋਂ ਲਗਾਤਾਰ ਹਾਈਕੋਰਟ ਦੇ ਜੱਜਾਂ ਖਿਲਾਫ ਰੋਸ ਜ਼ਾਹਿਰ ਕਰਦੇ ਰਹਿੰਦੇ ਸਨ। 12 ਫਰਵਰੀ ਨੂੰ ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ।
2019 ਵਿਚ ਬਲਵਿੰਦਰ ਸਿੰਘ ਸੇਖੋਂ ਨਗਰ ਨਿਗਮ ਵਿਚ ਡੀਐੱਸਪੀ ਦੀ ਪੋਸਟ ‘ਤੇ ਤਾਇਨਾਤ ਸਨ। ਉਸ ਸਮੇਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਉੁਨ੍ਹਾਂ ਦੀ ਗੱਲਬਾਤ ਦੀ ਆਡੀਓ ਵਾਇਰਲ ਹੋਈ ਸੀ, ਜਿਸ ਵਿਚ ਉਹ ਇਕ ਦੂਜੇ ਨੂੰ ਕਾਫੀ ਬੁਰਾ ਭਲਾ ਬੋਲ ਰਹੇ ਸਨ। ਇਸ ਆਡੀਓ ਕਲਿੱਪ ਦੇ ਬਾਅਦ ਦੋਵਾਂ ਵਿਚ ਦੂਰੀਆਂ ਕਾਫੀ ਵਧ ਗਈਆਂ ਸਨ।
ਉਸ ਸਮੇਂ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਸਨ। ਸੇਖੋਂ ਦੀ ਸਿੱਧੂ ਦਾ ਕਰੀਬੀ ਦੱਸਿਆ ਗਿਆ ਹੈ। ਇਸ ਲਈ ਹੀ ਉਹ ਕੈਬਨਿਟ ਮੰਤਰੀ ਦੇ ਕੰਮਾਂ ਵਿਚ ਦਖਲ ਦੇ ਰਿਹਾ ਸੀ। ਇਸ ਦੇ ਬਾਅਦ ਉਸ ਦੀ ਬਦਲੀ ਪਹਿਲੀ ਕਮਾਂਡੋ ਬਟਾਲੀਅਨ ਵਿਚ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਸਨਸਨੀਖੇਜ਼ ਘਟਨਾ, ਅਦਾਲਤ ‘ਚੋਂ ਬਾਹਰ ਨਿਕਲੀ ਔਰਤ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਬਲਵਿੰਦਰ ਸਿੰਘ ਸੇਖੋਂ 2 ਸਾਲ ਤੋਂ ਸਸਪੈਂਡ ਚੱਲ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਨਿਸ਼ਾਨਾ ਸਾਧਿਆ ਹੈ। ਵਿਧਾਇਕ ਸਿਮਰਜੀਤ ਬੈਂਸ ‘ਤੇ ਦਰਜ ਹੋਏ ਮਾਮਲੇ ਦੌਰਾਨ ਉਹ ਪੀੜਤ ਮਹਿਲਾ ਨਾਲ ਧਰਨੇ ‘ਤੇ ਬੈਠਦੇ ਰਹੇ ਹਨ ਤੇ ਬੈਂਸ ਦੇ ਪਿੱਛੇ ਸਿੱਧੇ ਤੌਰ ‘ਤੇ ਕੈਬਨਿਟ ਮੰਤਰੀ ਦਾ ਹੱਥ ਹੋਣ ਦੀ ਗੱਲ ਕਰਦੇ ਰਹੇ ਹਨ ਜਿਸ ਕਾਰਨ ਉਹ ਚਰਚਾ ਵਿਚ ਵੀ ਰਹੇ।
ਵੀਡੀਓ ਲਈ ਕਲਿੱਕ ਕਰੋ -: