ਚੀਨ ਵਿਚ ਕੋਰੋਨਾ ਕਰਕੇ ਹੋਈ ਤਬਾਹੀ ਵਿਚਾਲੇ ਭਾਰਤ ਵਿਚ ਵੀ ਚਿੰਤਾ ਵਧ ਗਈ ਹੈ। ਚੀਨ ਤੋਂ ਗੁਜਰਾਤ ਦੇ ਭਾਵਨਗਰ ਪਰਤਿਆ ਇੱਕ ਵਿਅਕਤੀ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਉਸ ਦਾ ਸੈਂਪਲ ਹੁਣ ਜੀਨੋਮ ਸੀਕਵੈਂਸਿੰਗ ਲਈ ਗਾਂਧੀਨਗਰ ਲੈਬ ਵਿੱਚ ਭੇਜਿਆ ਗਿਆ ਹੈ। 34 ਸਾਲਾ ਕਾਰੋਬਾਰੀ ਕੰਮ ਦੇ ਸਿਲਸਿਲੇ ‘ਚ ਚੀਨ ਗਿਆ ਸੀ। 19 ਦਸੰਬਰ ਨੂੰ ਭਾਰਤ ਪਰਤਣ ਤੋਂ ਬਾਅਦ ਜਾਂਚ ਵਿੱਚ ਉਹ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।
ਭਾਰਤ ਵਿੱਚ ਹੁਣ ਤੱਕ BF.7 ਵੇਰੀਐਂਟ ਦੇ 4 ਕੇਸ ਪਾਏ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਗੁਜਰਾਤ ਵਿੱਚ ਪਾਏ ਗਏ ਹਨ। ਹਾਲਾਂਕਿ, ਭਾਰਤ ਵਿੱਚ ਪਾਏ ਗਏ ਕਿਸੇ ਵੀ ਮਰੀਜ਼ ਵਿੱਚ ਗੰਭੀਰ ਲੱਛਣ ਨਹੀਂ ਦਿਖਾਈ ਦਿੱਤੇ ਹਨ। ਚੀਨ ਵਿੱਚ ਮੌਜੂਦਾ ਲਹਿਰ ਲਈ BF.7 ਵੇਰੀਐਂਟ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਇਸ ਵੇਰੀਐਂਟ ਨੇ ਚੀਨ ‘ਚ ਕਾਫੀ ਤਬਾਹੀ ਕੀਤਾ ਹੈ। ਇਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਮਰ ਰਹੇ ਹਨ।
ਕੇਂਦਰੀ ਸਿਹਤ ਮੰਤਰਾਲਾ ਚੀਨ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਯਾਤਰਾ ਤੋਂ 72 ਘੰਟੇ ਪਹਿਲਾਂ ਕੀਤੇ ਗਏ ਆਰਟੀ-ਪੀਸੀਆਰ ਟੈਸਟ ਦੇ ਵੇਰਵੇ ਜਾਂ ਟੀਕਾਕਰਨ ਦੇ ਪੂਰੇ ਸਬੂਤ ਦੇਣ ਲਈ ‘ਏਅਰ ਸੁਵਿਧਾ’ ਫਾਰਮ ਨੂੰ ਦੁਬਾਰਾ ਲਾਜ਼ਮੀ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਚੀਨ ਅਤੇ ਕੁਝ ਹੋਰ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਅਚਾਨਕ ਹੋਏ ਵਾਧੇ ਦੇ ਮੱਦੇਨਜ਼ਰ ਦੇਸ਼ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕਰਨ ਲਈ ਬੁੱਧਵਾਰ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲਾ : ਦੀਪਕ ਮੁੰਡੀ, ਕਪਿਲ ਪੰਡਿਤ ਸਣੇ 7 ਲੋਕਾਂ ਖਿਲਾਫ ਚਾਰਜਸ਼ੀਟ ਦਾਖ਼ਲ
ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਮਾਮਲਿਆਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦੇ ਕਾਰਨ ਚੀਨ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਹਵਾਈ ਅੱਡਿਆਂ ‘ਤੇ ਰੈਂਡਮ ਜਾਂਚ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: