PM ਮੋਦੀ ਦੇ ਮਾਸਿਕ ਰੇਡੀਓ ਸੰਬੋਧਨ ਦੇ ਜਲਦ ਹੀ ਪ੍ਰਸਾਰਿਤ ਹੋਣ ਵਾਲੇ 100ਵੇਂ ਐਪੀਸੋਡ ਦਾ ਜਸ਼ਨ ਮਨਾਉਣ ਲਈ ‘ਮਨ ਕੀ ਬਾਤ@100’ ‘ਤੇ ਦਿੱਲੀ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿੱਥੇ ਵੱਡੇ ਆਗੂ ਮੌਜੂਦ ਸਨ, ਉੱਥੇ ਹੀ ਕੁਝ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਸੀ। ਪ੍ਰੋਗਰਾਮ ਵਿੱਚ ਇੱਕ ਪਲ ਅਜਿਹਾ ਆਇਆ ਜੋ ਸਾਰਿਆਂ ਲਈ ਯਾਦਗਾਰ ਬਣ ਗਿਆ। ਦਰਅਸਲ, ਇੱਕ ਔਰਤ ਨੂੰ ਜਣੇਪੇ ਦੌਰਾਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਬੇਟੇ ਨੂੰ ਜਨਮ ਦਿੱਤਾ।
ਦੱਸ ਦਈਏ ਕਿ ਪ੍ਰੋਗਰਾਮ ‘ਚ 100 ਖਾਸ ਲੋਕਾਂ ਨੂੰ ਬੁਲਾਇਆ ਗਿਆ ਸੀ, ਜਿਸ ‘ਚ ਪੂਨਮ ਦੇਵੀ ਵੀ ਸ਼ਾਮਲ ਸੀ। ਪ੍ਰੋਗਰਾਮ ਦੌਰਾਨ ਜਦੋਂ ਉਸ ਨੂੰ ਜਣੇਪੇ ਦਾ ਦਰਦ ਹੋਣ ਲੱਗਾ ਤਾਂ ਉਸ ਨੂੰ ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ। ਇੱਥੇ ਉਸ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਮਨ ਕੀ ਬਾਤ ਦੇ ਜਸ਼ਨ ਦੌਰਾਨ ਘਰ ਵਿੱਚ ਇੱਕ ਨਵੇਂ ਮੈਂਬਰ ਦੇ ਆਉਣ ਨਾਲ ਪਰਿਵਾਰ ਵਿੱਚ ਖੁਸ਼ੀ ਹੈ।
ਜ਼ਿਕਰਯੋਗ ਹੈ ਕਿ PM ਮੋਦੀ ਨੇ ਆਪਣੇ ‘ਮਨ ਕੀ ਬਾਤ’ ਦੇ ਇੱਕ ਐਪੀਸੋਡ ਵਿੱਚ ਪੂਨਮ ਦੇਵੀ ਦਾ ਨਾਮ ਲਿਆ ਸੀ। ਦਰਅਸਲ, ਪੂਨਮ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਦੇ ਕੋਲ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਹੈ। ਉਹ ਇੱਕ ਸਵੈ-ਸਹਾਇਤਾ ਸਮੂਹ ਦੀ ਮੈਂਬਰ ਹੈ। ਲਖੀਮਪੁਰ ਖੇੜੀ ਵਿੱਚ ਇਹ ਸਵੈ-ਸਹਾਇਤਾ ਸਮੂਹ ਕੇਲੇ ਦੇ ਤਣੇ ਤੋਂ ਫਾਈਬਰ ਦੀ ਵਰਤੋਂ ਕਰਕੇ ਹੈਂਡਬੈਗ, ਮੈਟ ਅਤੇ ਹੋਰ ਚੀਜ਼ਾਂ ਤਿਆਰ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਵਾਹਨਾਂ ਦੀ RC ਤੇ ਲਾਇਸੈਂਸ ਛਪਾਈ ਦਾ ਕੰਮ ਸ਼ੁਰੂ, ਰਜਿਸਟ੍ਰੇਸ਼ਨ ਨੰਬਰ ‘ਤੇ ਲੱਗੇਗੀ ਚਿੱਪ
ਇਹ ਇੱਕ ਵਿਲੱਖਣ ਪਹਿਲਕਦਮੀ ਹੈ ਜੋ ਨਾ ਸਿਰਫ਼ ਪਿੰਡ ਦੀਆਂ ਔਰਤਾਂ ਲਈ ਆਮਦਨੀ ਦਾ ਇੱਕ ਵਾਧੂ ਸਰੋਤ ਪ੍ਰਦਾਨ ਕਰਦੀ ਹੈ ਸਗੋਂ ਕੂੜੇ ਨੂੰ ਘਟਾਉਣ ਅਤੇ ਟਿਕਾਊ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਯੋਗਦਾਨ ਪਾਉਂਦੀ ਹੈ। ਇਸ ਪਹਿਲ ਨੂੰ ਖੇਤਰ ਵਿੱਚ ਬਹੁਤ ਸਾਰੇ ਸਵੈ ਸਹਾਇਤਾ ਸਮੂਹਾਂ ਦੁਆਰਾ ਵਿਆਪਕ ਤੌਰ ‘ਤੇ ਅਪਣਾਇਆ ਗਿਆ ਹੈ।
‘ਰਾਸ਼ਟਰੀ ਸੰਮੇਲਨ: ਮਨ ਕੀ ਬਾਤ @100’ ਪ੍ਰੋਗਰਾਮ ਦਾ ਉਦਘਾਟਨ ਮੀਤ ਪ੍ਰਧਾਨ ਜਗਦੀਪ ਧਨਖੜ ਨੇ ਕੀਤਾ। ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹੋਰ ਪਤਵੰਤਿਆਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਸ਼ਾਮਲ ਸਨ। ਪ੍ਰੋਗਰਾਮ ਵਿੱਚ ‘ਨਾਰੀ ਸ਼ਕਤੀ’, ਜਨ ਅੰਦੋਲਨ ਅਤੇ ਭਾਰਤ ਦੇ ਸੱਭਿਆਚਾਰ ਅਤੇ ਪਰੰਪਰਾ ਵਰਗੇ ਵੱਖ-ਵੱਖ ਵਿਸ਼ਿਆਂ ‘ਤੇ ਵੀ ਚਰਚਾ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: