ਜਲੰਧਰ ‘ਚ ਸਬ-ਡਵੀਜ਼ਨ ਸ਼ਾਹਕੋਟ ਦੀ ਤਹਿਸੀਲ ਲੋਹੀਆਂ ‘ਚ ਚੰਨਾ ਮੰਡਲ ਧੁੱਸੀ ਬੰਨ੍ਹ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੁਣ ਢੱਕਾ ਬਸਤੀ ਨੇੜੇ ਗੱਟਾ ਮੰਡੀ ਕਸੋ ਵਿਖੇ ਟੁੱਟੇ ਧੁੱਸੀ ਬੰਨ੍ਹ ਦਾ ਕੰਮ ਚੱਲ ਰਿਹਾ ਹੈ। ਲੋਕ ਇਸ ਬੰਨ੍ਹ ‘ਤੇ ਸੇਵਾ ਲਈ ਆ ਰਹੇ ਹਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਇਸ ਬੰਨ੍ਹ ‘ਤੇ ਸੇਵਾ ਕਰਨ ਲਈ ਪੁੱਜੇ। ਉਨ੍ਹਾਂ ਨੇ ਮਿੱਟੀ ਦੀਆਂ ਬੋਰੀਆਂ ਚੁੱਕ ਲਈਆਂ, ਤਾਰਾਂ ਦੇ ਜਾਲ ਵਿੱਚ ਬੰਨ੍ਹੀਆਂ ਬੋਰੀਆਂ ਜ਼ੋਰ ਲਾ ਕੇ ਦਰਿਆ ਵਿੱਚ ਸੁੱਟ ਦਿੱਤੀਆਂ।
ਧੁੱਸੀ ਬੰਨ੍ਹ ਦਾ ਨਿਰਮਾਣ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇੱਥੇ ਸੇਵਾ ਕਰਨ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਇੱਕ ਟਵੀਟ ਕੀਤਾ। ਟਵੀਟ ਦੇ ਨਾਲ ਉਨ੍ਹਾਂ ਨੇ ਆਪਣੀ ਸੇਵਾ ਕਰਦੇ ਹੋਏ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਆਪਣੇ ਟਵੀਟ ਵਿੱਚ ਜਿੱਥੇ ਸਿੱਖਿਆ ਮੰਤਰੀ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਉੱਥੇ ਹੀ ਕਿਹਾ ਕਿ ਇੱਥੇ ਰੋਜ਼ਾਨਾ ਹਜ਼ਾਰਾਂ ਨੌਜਵਾਨ ਸੇਵਾ ਕਰ ਰਹੇ ਹਨ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਤਹਿਸੀਲ ਲੋਹੀਆਂ ਨੇੜੇ ਧੁੱਸੀ ਬੰਨ੍ਹ ਵਿੱਚ ਪਾੜ ਨੂੰ ਭਰਨ ਲਈ ਲਾਏ ਗਏ ਮੋਰਚੇ ਵਿੱਚ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਵਾਂਗ ਉਨ੍ਹਾਂ ਨੇ ਵੀ ਦੇਰ ਰਾਤ ਤੱਕ ਸੇਵਾ ਕਰਕੇ ਆਪਣਾ ਯੋਗਦਾਨ ਪਾਇਆ। ਇੱਥੇ ਸੇਵਾ ਵਿੱਚ ਲੱਗੇ ਨੌਜਵਾਨਾਂ ਦਾ ਉਤਸ਼ਾਹ ਅਤੇ ਸੇਵਾ ਪੰਜਾਬ ਦੀ ਅਸਲ ਤਸਵੀਰ ਪੇਸ਼ ਕਰ ਰਿਹਾ ਹੈ। ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਮੋਰਚਾ ਜਲਦੀ ਫਤਿਹ ਹੋਵੇ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਧੁੱਸੀ ਬੰਨ੍ਹ ਦੀ ਉਸਾਰੀ ਲਈ ਮਿੱਟੀ ਦੀਆਂ ਕਈ ਟਰਾਲੀਆਂ ਆ ਰਹੀਆਂ ਹਨ। ਬੰਨ੍ਹ ’ਤੇ ਖਾਲੀ ਬਾਰਦਾਨੇ ਦੀ ਘਾਟ ਹੈ। ਉਨ੍ਹਾਂ ਸੰਗਤਾਂ ਨੂੰ ਬੋਰੀਆਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਜਿਹੜੇ ਲੋਕ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਰਹੇ ਹਨ, ਜੇ ਹੋ ਸਕੇ ਤਾਂ ਬਾਰਦਾਨੇ ਵਿੱਚ ਮਿੱਟੀ ਭਰ ਕੇ ਹੀ ਲਿਆਉਣ। ਉਨ੍ਹਾਂ ਇਸ ਮੌਕੇ ਡੀਜ਼ਲ ਅਤੇ ਮਿੱਟੀ ਦੀ ਸੇਵਾ ਕਰਨ ਵਾਲਿਆਂ ਦਾ ਵੀ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਪਠਾਨਕੋਟ-ਜਲੰਧਰ ਹਾਈਵੇ ‘ਤੇ ਹੰਗਾਮਾ, ਝਗੜੇ ਦੇ ਦੋਸ਼ੀ ਨੂੰ ਛੱਡਣ ‘ਤੇ ਸੜਕ ‘ਤੇ ਲੇਟਿਆ ਹੋਮਗਾਰਡ, ਲੱਗਾ ਜਾਮ
ਸੇਵਾ ਕਰ ਰਹੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਧੰਨ ਹਨ ਉਹ ਮਾਵਾਂ ਜਿਨ੍ਹਾਂ ਨੇ ਸੇਵਾ ਵਿੱਚ ਲੱਗੇ ਨੌਜਵਾਨਾਂ ਨੂੰ ਜਨਮ ਦਿੱਤਾ ਅਤੇ ਸਮਾਜ ਸੇਵਾ ਦਾ ਪਾਠ ਪੜ੍ਹਾਇਆ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਕੋਈ ਦੁਖਾਂਤ ਵਾਪਰਦਾ ਹੈ ਤਾਂ ਪੰਜਾਬ ਦੇ ਨੌਜਵਾਨ ਪੂਰੇ ਉਤਸ਼ਾਹ ਨਾਲ ਸੇਵਾ ਵਿੱਚ ਜੁਟ ਜਾਂਦੇ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਦੇ ਜਜ਼ਬੇ ਨੂੰ ਸਲਾਮ ਕੀਤਾ।
ਵੀਡੀਓ ਲਈ ਕਲਿੱਕ ਕਰੋ -: