ਮੋਗਾ ਵਿਖੇ ਸਬਜ਼ੀ ਵਿਕ੍ਰੇਤਾ ਕਤਲ ਮਾਮਲੇ ਦੀ ਗੁੱਥੀ ਨੂੰ ਪੁਲਿਸ ਨੇ 48 ਘੰਟਿਆਂ ਦੇ ਵਿਚ ਹੀ ਹੱਲ ਕਰ ਦਿੱਤਾ ਹੈ ਤੇ ਕਾਤਲ ਪਤਨੀ ਹੀ ਨਿਕਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰੀਤ ਨਗਰ ਦੀ ਰਹਿਣ ਵਾਲੇ ਸਬਜ਼ੀ ਵਿਕ੍ਰੇਤਾ ਦਾ ਕਤਲ ਜਿਸ ਸਮੇਂ ਕੀਤਾ ਗਿਆ ਉਦੋਂ ਉਹ ਘਰ ਵਿਚ ਆਪਣੀ ਪਤਨੀ ਤੇ ਬੱਚਿਆਂ ਨਾਲ ਸੁੱਤਾ ਪਿਆ ਸੀ।
ਮਾਮਲੇ ਨੂੰ ਸੁਲਝਾਉਣ ਲਈ ਸਾਊਥ ਥਾਣਾ ਸਿਟੀ, ਸੀਆਈਏ ਮੋਗਾ ਅਤੇ ਸਾਈਬਰ ਸੈੱਲ ਮੋਗਾ ਦੀਆਂ ਟੀਮਾਂ ਨੂੰ ਸ਼ਾਮਲ ਕਰਕੇ ਇਕ ਸੰਯੁਕਤ ਜਾਂਚ ਟੀਮ ਬਣਾਈ ਗਈ ਸੀ। ਜਾਂਚ ‘ਚ ਸ਼ੁਰੂ ਤੋਂ ਹੀ ਸ਼ੱਕ ਦੀ ਸੂਈ ਪਤਨੀ ਦੇ ਆਲੇ-ਦੁਆਲੇ ਘੁੰਮ ਰਹੀ ਸੀ ਕਿਉਂਕਿ ਪਤੀ ਦੇ ਕੋਲ ਸੌਣ ਦੇ ਬਾਵਜੂਦ ਪਤਨੀ ਨੇ ਕਿਹਾ ਕਿ ਉਸਨੂੰ ਘਟਨਾ ਬਾਰੇ ਕੁਝ ਵੀ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਪੁਲਿਸ ਵੱਲੋਂ ਪਤਨੀ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਆਪਣਾ ਜ਼ੁਲਮ ਕਬੂਲ ਲਿਆ।
ਦੋਸ਼ੀ ਅਮਨਦੀਪ ਕੌਰ ਨੇ ਦੱਸਿਆ ਕਿ ਲਗਭਗ 8-9 ਮਹੀਨੇ ਪਹਿਲਾਂ ਉਸ ਦੀ ਮੁਲਾਕਾਤ ਦਰਸ਼ਨ ਸਿੰਘ ਨਾਮਕ ਵਿਅਕਤੀ ਨਾਲ ‘ਓਲਾ ਪਾਰਟੀ’ ਨਾਂ ਦੇ ਸੋਸ਼ਲ ਮੀਡੀਆ ਐਪ ਰਾਹੀਂ ਹੋਈ ਸੀ ਤੇ ਦੋਵਾਂ ਵਿਚ ਪਿਆਰ ਹੋ ਗਿਆ। ਰਸਤੇ ਦੀ ਰੁਕਾਵਟ ਨੂੰ ਖਤਮ ਕਰਨ ਲਈ ਅਮਨਦੀਪ ਨੇ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਜਸਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਨਾਲ ਮਿਲ ਕੇ ਆਪਣੇ ਪਤੀ ਸੁਖਵਿੰਦਰ ਸਿੰਘ ਨੂੰ ਖਤਮ ਕਰਨ ਦੀ ਸਾਜਿਸ਼ ਰਚੀ, ਤਾਂ ਜੋ ਦੋਵੇਂ ਵਿਆਹ ਕਰਵਾ ਕੇ ਇਕੱਠੇ ਰਹਿ ਸਕਣ।
ਬਣਾਈ ਯੋਜਨਾ ਨੂੰ ਅੰਜਾਮ ਦੇਣ ਲਈ ਅਮਨਦੀਪ ਨੇ ਸੰਦੀਪ ਲਈ ਦਰਵਾਜ਼ਾ ਖੋਲ੍ਹਿਆ ਜਦੋਂਕਿ ਜਸਬੀਰ ਬਾਹਰ ਮੋਟਰਸਾਈਕਲ ‘ਤੇ ਇੰਤਜ਼ਾਰ ਕਰ ਰਿਹਾ ਸੀ। ਸੰਦੀਪ ਅਤੇ ਅਮਨਦੀਪ ਦੋਵਾਂ ਨੇ ਕੁਹਾੜੀ ਨਾਲ ਸੁਖਵਿੰਦਰ ਸਿੰਘ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਸੰਦੀਪ ਅਤੇ ਜਸਬੀਰ ਉਸ ਤੋਂ ਬਾਅਦ ਆਪਣੇ ਮੋਟਰਸਾਈਕਲ ‘ਤੇ ਚਲੇ ਗਏ। ਅਮਨਦੀਪ ਕੌਰ ਨੇ ਸ਼ੱਕ ਤੋਂ ਬਚਣ ਲਈ ਇੱਕ ਡਰਾਮਾ ਰਚਿਆ ਤੇ ਹੋਰਨਾਂ ਮੈਂਬਰਾਂ ਨੂੰ ਝੂਠੀ ਕਹਾਣੀ ਬਣਾ ਕੇ ਸੁਣਾ ਦਿੱਤੀ ਪਰ ਜਾਂਚ ਤੋਂ ਬਾਅਦ ਸਾਰੀ ਸੱਚਾਈ ਸਾਹਮਣੇ ਆ ਗਈ। ਪੁਲਿਸ ਵੱਲੋਂ ਅਮਨਦੀਪ ਕੌਰ ਪਤਨੀ ਸੁਖਵਿੰਦਰ ਸਿੰਘ, ਪ੍ਰੀਤ ਨਗਰ ਮੋਗਾ, ਸੰਦੀਪ ਸਿੰਘ ਤੇ ਗੁਰਮੇਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।