ਆਬਕਾਰੀ ਵਿਭਾਗ ਨੇ ਸ਼ਨੀਵਾਰ ਰਾਤ ਨੂੰ ਪੰਜਾਬ ਭਰ ਦੇ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਲਈ ਵੱਡੇ ਪੱਧਰ ‘ਤੇ ‘ਨਾਈਟ ਸਵੀਪ’ ਮੁਹਿੰਮ ਚਲਾਈ। ਇਸ ਦੌਰਾਨ ਵਿਭਾਗ ਦੀਆਂ 13 ਤੋਂ ਵੱਧ ਟੀਮਾਂ ਨੇ ਰਾਤ ਸਮੇਂ ਮੁਹਾਲੀ, ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਦਾ ਨਿਰੀਖਣ ਕੀਤਾ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮੌਕੇ ’ਤੇ ਕਾਰਵਾਈ ਕੀਤੀ। ਇਹ ਜਾਣਕਾਰੀ ਪੰਜਾਬ ਦੇ ਵਿੱਤ, ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਤਵਾਰ ਨੂੰ ਦਿੱਤੀ।
ਆਬਕਾਰੀ ਟੀਮਾਂ ਦੀ ਅਗਵਾਈ ਵਧੀਕ ਕਮਿਸ਼ਨਰ ਨਰੇਸ਼ ਦੂਬੇ ਅਤੇ ਏਆਈਜੀ (ਐਕਸਾਈਜ਼) ਗੁਰਜੋਤ ਸਿੰਘ ਕਲੇਰ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਕੀਤੀ। ਹਰੇਕ ਟੀਮ ਵਿੱਚ ਘੱਟੋ-ਘੱਟ ਇੱਕ ਮਹਿਲਾ ਅਧਿਕਾਰੀ ਅਤੇ ਇੱਕ ਸਿਹਤ ਵਿਭਾਗ ਦਾ ਅਧਿਕਾਰੀ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਵਿੱਚ ‘ਹੁੱਕਾ’ ਪੀਣ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।
ਵਿੱਤ ਕਮਿਸ਼ਨਰ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੀ ਅਗਵਾਈ ਹੇਠ ਬੀਤੀ ਰਾਤ SAS ਨਗਰ (ਮੁਹਾਲੀ) ਜ਼ਿਲ੍ਹੇ ਦੇ ਨਵਾਂਗਾਓਂ ਇਲਾਕੇ ਵਿੱਚ ‘ਆਈ ਲਵ ਹੌਟ ਸ਼ਾਟ’ ਨਾਮ ਦੇ ਇੱਕ ਰੈਸਟੋਰੈਂਟ ਵੱਲੋਂ ਆਪਣੇ ਗਾਹਕਾਂ ਨੂੰ ‘ਸਿਰਫ ਚੰਡੀਗੜ੍ਹ ਖੇਤਰ’ ਵਿੱਚ ਵੇਚੀ ਜਾ ਰਹੀ ਬੀਅਰ ਦੇ ਨਾਲ ‘ਹੁੱਕਾ’ ਵੀ ਪਰੋਸਿਆ ਜਾ ਰਿਹਾ ਸੀ। ਰੈਸਟੋਰੈਂਟ ਦੀ ਤਲਾਸ਼ੀ ਦੌਰਾਨ 20 ਹੁੱਕੇ, ਬੀਅਰ ਦੀਆਂ 7 ਬੋਤਲਾਂ, ਤੰਬਾਕੂ ਦੇ ਵੱਖ-ਵੱਖ ਫਲੇਵਰ ਅਤੇ ਚਾਰਕੋਲ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਜੋੜੇਮਾਜਰਾ ਨੇ ਬਾਗਬਾਨੀ ਡਾਇਰੈਕਟਰ ਦਫ਼ਤਰ ‘ਚ ਕੀਤੀ ਅਚਨਚੇਤ ਚੈਕਿੰਗ
ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਰੈਸਟੋਰੈਂਟ ਦੇ ਮਾਲਕਾਂ ਖ਼ਿਲਾਫ਼ ਥਾਣਾ ਨਵਾਂਗਾਓਂ (0 ਮੋਹਾਲੀ) ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਮੋਹਾਲੀ ਜ਼ਿਲੇ ‘ਚ ਬੇਸਟੇਕ ਮਾਲ ਸੈਕਟਰ-66 ਮੋਹਾਲੀ ਵਿਖੇ ‘ਬੁਰਜ’ (ਡਬਲਯੂ ਵ੍ਹਾਈਟ ਹਾਸਪਿਟੈਲਿਟੀ), ‘ਸਕਲ’ (ਫ੍ਰੈਂਡਜ਼ ਹਾਸਪਿਟੈਲਿਟੀ) ਅਤੇ ‘ਮਾਸਕ ਲੌਂਜ ਐਂਡ ਬਾਰ’ ਨਿਰਧਾਰਤ ਸਮੇਂ ਤੋਂ ਵੱਧ ਖੁੱਲ੍ਹੇ ਪਾਏ ਗਏ। ਇਨ੍ਹਾਂ ਵਿਰੁੱਧ ਪੰਜਾਬ ਆਬਕਾਰੀ ਐਕਟ 1914 ਅਤੇ ਪੰਜਾਬ ਸ਼ਰਾਬ ਲਾਇਸੈਂਸ ਨਿਯਮ 1956 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ।
ਚੀਮਾ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ‘ਪੈਡਲਰਜ਼ ਬਾਰ’ ਨਾਮਕ ਬਾਰ ਵੀ ਨਿਰਧਾਰਤ ਸਮੇਂ ਤੋਂ ਬਾਅਦ ਖੁੱਲ੍ਹਾ ਪਾਇਆ ਗਿਆ ਅਤੇ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸ਼ਰਾਬ ਪਰੋਸੀ ਜਾ ਰਹੀ ਹੈ। ਬਾਰ ਦੀ ਤਲਾਸ਼ੀ ਦੌਰਾਨ 17 ਬੋਤਲਾਂ ਡਿਊਟੀ ਫਰੀ ਸ਼ਰਾਬ ਅਤੇ 5 ਬੋਤਲਾਂ ਮਿਆਦ ਪੁੱਗ ਚੁੱਕੀ ਬੀਅਰ ਦੀਆਂ ਵੀ ਬਰਾਮਦ ਹੋਈਆਂ, ਜਿਨ੍ਹਾਂ ਨੂੰ ਮੌਕੇ ‘ਤੇ ਹੀ ਜ਼ਬਤ ਕਰ ਲਿਆ ਗਿਆ। ਇਸੇ ਤਰ੍ਹਾਂ ਜਲੰਧਰ ‘ਚ ‘ਪੈਡਲਰਸ’ ਬਾਰ ਦੀ ਤਲਾਸ਼ੀ ਦੌਰਾਨ ਮਿਆਦ ਪੁੱਗ ਚੁੱਕੀ ਬੀਅਰ ਦੀਆਂ ਤਿੰਨ ਬੋਤਲਾਂ ਮਿਲੀਆਂ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। ਇਨ੍ਹਾਂ ਸਾਰੀਆਂ ਬਾਰਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: