One death in Sangrur : ਪੰਜਾਬ ਵਿਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਅੱਜ ਸੰਗਰੂਰ ਦੇ ਇਕ 65 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਮੌਤ ਹੋਣ ਦੀ ਖਬਰ ਆਈ ਹੈ, ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਕੋਰੋਨਾ ਦੇ 21 ਤੇ ਗੁਰਦਾਸਪੁਰ ਤੋਂ ਚਾਰ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਸੰਗਰੂਰ ਦੇ ਸਿਵਲ ਸਰਜਨ ਰਾਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਅਕਤੀ ਬਿਹਾਰੀ ਲਾਲ ਸ਼ੂਗਰ ਸਣੇ ਹੋਰ ਬੀਮਾਰੀਆਂ ਤੋਂ ਵੀ ਪੀੜਤ ਸੀ ਅਤੇ ਹਾਲਤ ਗੰਭੀਰ ਹੋਣ ਕਰਕੇ ਇਸ ਨੂੰ ਵੈਂਟੀਲੇਟਰ ’ਤੇ ਰਖਿਆ ਗਿਆ ਸੀ। ਦੱਸਣਯੋਗ ਹੈ ਕਿ ਸੰਗਰੂਰ ਜ਼ਿਲੇ ਵਿਚ ਕੋਰੋਨਾ ਨਾਲ ਹੋਣ ਵਾਲੀ ਇਹ 8ਵੀਂ ਮੌਤ ਹੈ।
ਉਧਰ ਅੰਮ੍ਰਿਤਸਰ ਵਿਚ ਕੋਰੋਨਾ ਦੇ ਅੱਜ ਫਿਰ 21 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 829 ਹੋ ਗਈ ਹੈ। ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ 32 ਲੋਕਾੰ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 523 ਮਰੀਜ਼ਾਂ ਨੂੰ ਠੀਕ ਹੋਣ ’ਤੇ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਪਰ ਅਜੇ ਵੀ ਜ਼ਿਲੇ ਵਿਚ ਇਸ ਵਾਇਰਸ ਵਾਲੇ 275 ਮਾਮਲੇ ਸਰਗਰਮ ਹਨ।
ਉਧਰ ਗੁਰਦਾਸਪੁਰ ਵਿਚ ਕੋਰੋਨਾ ਦੇ 4 ਹੋਰ ਮਾਮਲੇ ਸਾਹਮਣੇ ਆਏ ਹਨ। ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਕੋਰੋਨਾ ਦੇ ਕੁਲ ਪੀੜਤਾਂ ਦੀ ਗਿਣਤੀ 195 ਹੋ ਗਈ ਹੈ। ਦੱਸ ਦੇਈਏ ਕਿ ਹੁਣ ਤੱਕ ਜ਼ਿਲੇ ਵਿਚ 3 ਲੋਕ ਇਸ ਮਹਾਮਾਰੀ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਮਿਲੇ ਤਿੰਨ ਮਾਮਲੇ ਕਾਹਲਵਾਂ, ਘੁਮਾਣ ਅਤੇ ਨੰਗਲ ਨਾਲ ਸਬੰਧਤ ਹਨ, ਜੋਕਿ ਦੋਹਾ ਕਤਰ ਤੋਂ ਵਾਪਿਸ ਆਏ ਸਨ, ਜਦਕਿ ਚੌਥਾ ਮਾਮਲਾ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਇਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਸੂਚੀ ਬਣਾ ਕੇ ਉਨ੍ਹਾਂ ਦੇ ਸੈਂਪਲ ਲਏ ਜਾਣਗੇ।