ਪਾਕਿਸਤਾਨ ਦਾ ਅਕਸ ਦਿਨੋਂ-ਦਿਨ ਵਿਗੜਦਾ ਜਾ ਰਿਹਾ ਹੈ, ਪਾਕਿਸਤਾਨ ਨੂੰ ਆਏ ਦਿਨ ਨਮੋਸ਼ੀ ਝੱਲਣੀ ਪੈ ਰਹੀ ਹੈ। ਹੁਣ ਸਾਹਮਣੇ ਆਈ ਜਾਣਕਾਰੀ ਮੁਤਾਬਕ ਪਾਕਿਸਤਾਨ ਦੀਆਂ ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਦੱਖਣੀ ਏਸ਼ੀਆ ਵਿੱਚ ਸਭ ਤੋਂ ਬੁਰੀ ਹਾਲਤ ਵਿੱਚ ਹਨ। ਰਿਪੋਰਟ ਮੁਤਾਬਕ ਉਨ੍ਹਾਂ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ।
ਦਰਅਸਲ ਵਿਸ਼ਵ ਬੈਂਕ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀਆਂ ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਦਾ ਸੰਯੁਕਤ ਘਾਟਾ ਜਾਇਦਾਦ ਦੇ ਮੁਕਾਬਲੇ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਕਾਰਨ ਪਾਕਿਸਤਾਨ ‘ਤੇ ਕਰਜ਼ੇ ਦਾ ਬੋਝ ਵਧ ਰਿਹਾ ਹੈ ਅਤੇ ਪ੍ਰਭੂਸੱਤਾ ਨੂੰ ਲੈ ਕੇ ਵੀ ਖਤਰਾ ਹੈ। ਰਿਪੋਰਟ ਦੇ ਅੰਕੜੇ ਦੇਖ ਕੇ ਤੁਹਾਨੂੰ ਪਾਕਿਸਤਾਨ ਦੀ ਦੁਰਦਸ਼ਾ ਦਾ ਵੀ ਅੰਦਾਜ਼ਾ ਹੋ ਜਾਵੇਗਾ।
ਰਿਪੋਰਟ ਮੁਤਾਬਕ ਪਾਕਿਸਤਾਨ ਦੀਆਂ ਸਰਕਾਰੀ ਕੰਪਨੀਆਂ ਸਲਾਨਾ ਇਕੱਠੇ ਪਾਕਿਸਤਾਨ ਦੇ 458 ਅਰਬ ਰੁਪਏ ਦੇ ਜਨਤਕ ਪੈਸੇ ਨੂੰ ਡੁਬੋ ਰਹੀਆਂ ਹਨ। ਇਨ੍ਹਾਂ ਕੰਪਨੀਆਂ ਦਾ ਸਾਂਝਾ ਕਰਜ਼ਾ ਮਾਲੀ ਵਰ੍ਹੇ 2021 ਵਿੱਚ ਜੀਡੀਪੀ ਦੇ ਲਗਭਗ 10 ਫੀਸਦੀ ਤੱਕ ਵਧ ਗਿਆ ਸੀ। ਇਨ੍ਹਾਂ ‘ਤੇ 2016 ਵਿੱਚ ਕੁਲ ਕਰਜ਼ਾ ਜੀਡੀਪੀ ਦਾ 3.1 ਫੀਸਦੀ ਜਾਂ 1.5 ਲੱਖ ਕਰੋੜ ਸੀ।
ਵਿਸ਼ਵ ਬੈਂਕ ਨੇ ਪਾਕਿਸਤਾਨ ਦੀਆਂ ਸਰਕਾਰੀ ਕੰਪਨੀਆਂ ਬਾਰੇ ਚਿੰਤਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਇੱਕ ਸੁਧਾਰ ਪ੍ਰੋਗਰਾਮ ਦੀ ਸਲਾਹ ਦਿੱਤੀ ਗਈ ਹੈ, ਜਿਸ ਨਾਲ ਘਾਟੇ ਨੂੰ ਦੂਰ ਕਰਨ ਅਤੇ ਕਰਜ਼ੇ ਤੋਂ ਉਭਰਨ ਵਿੱਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਵੱਲੋਂ ਆਇਆ ਅਪਡੇਟ
ਵਿਸ਼ਵ ਬੈਂਕ ਨੇ ਕਿਹਾ ਕਿ ਇਹ ਕੰਪਨੀਆਂ ਪਾਕਿਸਤਾਨ ਸਰਕਾਰ ‘ਤੇ ਅਹਿਮ ਵਿੱਤੀ ਘਾਟਾ ਥੋਪਦੀਆਂ ਹਨ ਅਤੇ ਸਰਕਾਰ ਲਈ ਕਾਫੀ ਵਿੱਤੀ ਜੋਖਮ ਪੈਦਾ ਕਰ ਰਹੀਆਂ ਹਨ। ਵਿਸ਼ਵ ਬੈਂਕ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਇਸ ਸਥਿਤੀ ਵਿੱਚ ਪਾਕਿਸਤਾਨ ਲਈ ਆਰਥਿਕ ਸੰਕਟ ਤੋਂ ਉਭਰਨਾ ਬਹੁਤ ਮੁਸ਼ਕਲ ਹੈ। ਅਜਿਹੇ ‘ਚ ਇਨ੍ਹਾਂ ਕੰਪਨੀਆਂ ਨੂੰ ਸਰਕਾਰ ਅਤੇ ਦੇਸ਼ ਬਾਰੇ ਸੋਚਣਾ ਹੋਵੇਗਾ।
ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਇੱਕ ਵੀ ਸਰਕਾਰੀ ਕੰਪਨੀ ਨੇ ਸਾਲ 2016 ਤੋਂ ਹੁਣ ਤੱਕ ਮੁਨਾਫਾ ਨਹੀਂ ਕਮਾਇਆ ਹੈ। ਵਿੱਤੀ ਸਾਲ 2006 ਤੋਂ 2020 ਤੱਕ ਇਨ੍ਹਾਂ ਕੰਪਨੀਆਂ ਦਾ ਔਸਤ ਸਾਲਾਨਾ ਘਾਟਾ ਜੀਡੀਪੀ ਦਾ 0.5 ਫੀਸਦੀ ਰਿਹਾ ਹੈ। ਅਜਿਹੇ ‘ਚ ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਪਾਕਿਸਤਾਨ ਦੀਆਂ ਸਰਕਾਰੀ ਕੰਪਨੀਆਂ ਦੱਖਣੀ ਏਸ਼ੀਆ ‘ਚ ਸਭ ਤੋਂ ਖਰਾਬ ਹਾਲਤ ‘ਚ ਹਨ।
ਵੀਡੀਓ ਲਈ ਕਲਿੱਕ ਕਰੋ -: