ਪਠਾਨਕੋਟ ਪੁਲਿਸ ਨੇ 5 ਕਿਲੋ ਅਫੀਮ ਨਾਲ ਅੰਤਰਰਾਜੀ ਨਸ਼ਾ ਤਸਕਰਾਂ ਦੇ ਗਿਰੋਹ ਦੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਸੁਲਤਾਨਪੁਰ ਲੋਧੀ ਵਾਸੀ ਗੁਰਦੱਤ ਸਿੰਘ ਉਰਫ ਗੀਤੂ, ਨਰਵੇਲ ਸਿੰਘ ਤੇ ਕਸ਼ਮੀਰ ਸਿੰਘ ਵਜੋਂ ਹੋਈ ਹੈ। ਫੜੇ ਗਏ ਤਸਕਰ ਮੱਧ ਪ੍ਰਦੇਸ਼ ਤੋਂ ਅਫੀਮ ਵੇਚਣ ਲਈ ਪਠਾਨਕੋਟ ਆਏ ਸਨ।
SSP ਪਠਾਨਕੋਟ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੰਤਰਰਾਜੀ ਡਰੱਗ ਸਮੱਗਲਰ ਗੈਂਗ ਨਾਲ ਜੁੜੇ 3 ਲੋਕ ਮੱਧ ਪ੍ਰਦੇਸ਼ ਤੋਂ ਅਫੀਮ ਪਠਾਨਕੋਟ ਵਿਚ ਵੇਚਣ ਲਈ ਆਏ ਹਨ ਤੇ ਇਸ ਸਮੇਂ ਇਹ ਡਲਿਵਰੀ ਦੇਣ ਲਈ ਸੁੰਦਰਚੱਕ ਮੋਡ ‘ਤੇ ਖੜ੍ਹੇ ਹਨ।
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਸੀਆਈਏ ਥਾਣਾ ਇੰਚਾਰਜ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਇਕ ਪੁਲਿਸ ਟੀਮ ਗਠਿਤ ਕੀਤੀ ਗਈ। ਡੀਐੱਸਪੀ ਰਵਿੰਦਰ ਕੁਮਾਰ ਰੂਬੀ ਦੀ ਦੇਖ-ਰੇਖ ਵਿਚ ਟੀਮ ਨੇ ਤਸਕਰਾਂ ਨੂੰ ਫੜ ਲਿਆ। ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋਂ 5 ਕਿਲੋ ਅਫੀਮ ਬਰਾਮਦ ਕੀਤੀ ਸੀ।
ਫੜੇ ਗਏ ਤਸਕਰਾਂ ਖਿਲਾਫ ਥਾਣਾ ਸੁਜਾਨਪੁਰ ਵਿਚ ਨਸ਼ੀਲੇ ਪਦਾਰਥ ਦੀ ਧਾਰਾ 18-61-85 ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਗੁਰਦੱਤ ਸਿੰਘ ਉਰਫ ਗੀਤੂ ਨਾਜਾਇਜ਼ ਪਦਾਰਥਾਂ ਦੇ ਧੰਦੇ ਵਿਚ ਮਸ਼ਹੂਰ ਹੈ ਅਤੇ ਉਹ ਮੱਧ ਪ੍ਰਦੇਸ਼ ਤੋਂ ਪੰਜਾਬ ਵਿਚ ਅਫੀਮ ਤੇ ਚੂਰਾ ਪੋਸਤ ਦੀ ਤਸਕਰੀ ਕਰਦਾ ਸੀ।
ਇਹ ਵੀ ਪੜ੍ਹੋ : ਸਾਬਕਾ ਕਾਨੂੰਨ ਮੰਤਰੀ ਤੇ ਸੀਨੀਅਰ ਵਕੀਲ ਸ਼ਾਂਤੀ ਭੂਸ਼ਣ ਦਾ ਦੇਹਾਂਤ, 97 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਉਸ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਕਈ FIR ਪਹਿਲਾਂ ਤੋਂ ਹੀ ਦਰਜ ਹੈ। ਪਹਿਲਾਂ ਉਹ ਚੂਰਾਪੋਸਤ ਵੇਚਣ ਦੇ ਨਾਜਾਇਜ਼ ਧੰਦੇ ਵਿਚ ਸ਼ਾਮਲ ਸੀ, ਜਿਸ ਨੂੰ ਉਹ ਜੰਮੂ-ਕਸ਼ਮੀਰ ਤੇ ਮੱਧ ਪ੍ਰਦੇਸ਼ ਤੋਂ ਮੰਗਵਾਉਂਦਾ ਸੀ। ਹਾਲਾਂਕਿ ਪਠਾਨਕੋਟ ਪੁਲਿਸ ਨੇ ਉਸ ਦੇ ਗਲਤ ਮਨਸੂਬਿਆਂ ਨੂੰ ਨਾਕਾਮਯਾਬ ਕਰ ਦਿੱਤਾ ਹੈ। ਫੜੇ ਗਏ ਦੋਸ਼ੀਆਂ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਤੇ ਚੇਨ ਨੂੰ ਤੋੜਨ ਲਈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਰਿਮਾਂਡ ਮੰਗਿਆ ਜਾਵੇਗਾ। ਇਸ ਤੋਂ ਇਲਾਵਾ ਪੁਲਿਸ ਇਸ ਡਰੱਗ ਵਪਾਰ ਵਿਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਫੜਨ ਲਈ ਉਨ੍ਹਾਂ ਦੇ ਕਨੈਕਸ਼ਨ ਦਾ ਪਤਾ ਲਗਾਏਗੀ।
ਵੀਡੀਓ ਲਈ ਕਲਿੱਕ ਕਰੋ -: