ਅੰਮ੍ਰਿਤਸਰ ਪੁਲਿਸ ਕੰਟਰੋਲ ਰੂਮ ਵਿੱਚ ਅੱਧੀ ਰਾਤੀਂ ਸ੍ਰੀ ਦਰਬਾਰ ਸਾਹਿਬ ਕੋਲ ਚਾਰ ਬੰਬ ਲਾਏ ਜਾਣ ਦੀ ਸੂਚਨਾ ਨਾਲ ਭਾਜੜਾਂ ਪੈ ਗਈਆਂ। ਤੁਰੰਤ ਪੂਰੇ ਪੰਜਾਬ ਵਿੱਚ ਅਲਰਟ ਕਰ ਦਿੱਤਾ ਗਿਆ। ਸੂਚਨਾ ਦੇ ਤੁਰੰਤ ਬਾਅਦ ਹੀ ਪੁਲਿਸ ਦੇ ਦਸ ਬੰਬ ਨਿਰੋਧਕ ਦਸਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਚੈਕਿੰਗ ਕਰਨ ਪਹੁੰਚੇ। ਪੁਲਿਸ ਫੋਰਸ ਨੇ ਸਵੇਰੇ ਚਾਰ ਵਜੇ ਤੱਕ ਹਰ ਕੋਨਾ ਜਾਂਚਿਆ, ਪਰ ਬੰਬ ਨਹੀਂ ਮਿਲੇ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਨਿਹੰਗ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਪੁਲਿਸ ਕੰਟਰੋਲ ਰੂਮ ਵਿੱਚ ਰਾਤ ਡੇਢ ਵਜੇ ਦੇ ਕਰੀਬ ਇੱਕ ਮੋਬਾਈਲ ਨੰਬਰ ਤੋਂ ਕਿਸੇ ਨੇ ਸੂਚਨਾ ਦਿੱਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਚਾਰ ਬੰਬ ਲੁਕਾ ਕੇ ਰਖੇ ਗਏ ਹਨ। ਜੇ ਹਿੰਮਤ ਹੈ ਤਾਂ ਰੋਕ ਲਓ। ਇਸ ਮਗਰੋਂ ਫੋਟ ਕੱਟ ਦਿੱਤਾ ਗਿਆ। ਪੁਲਿਸ ਨੇ ਇਸ ਨੰਬਰ ‘ਤੇ ਕਈ ਵਾਰ ਫੋਨ ਕੀਤਾ ਪਰ ਕਿਸੇ ਨੇ ਫੋਨ ਨਾ ਚੁੱਕਿਆ। ਕੁਝ ਦੇਰ ਵਿੱਚ ਪੁਲਿਸ ਸ੍ਰੀ ਦਰਬਾਰ ਸਾਹਿਬ ਕੋਲ ਪਹੁੰਚ ਗਈ ਤੇ ਨਾਲ ਹੀ ਪੂਰੇ ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ, ਪਰ ਪੂਰੀ ਜਾਂਚ ਮਗਰੋਂ ਕੁਝ ਨਾ ਮਿਲਿਆ। ਪੁਲਿਸ ਨੇ ਕੰਟਰੋਲ ਰੂਮ ਤੋਂ ਵੇਰਵੇ ਕੱਢੇ ਅਤੇ ਫ਼ੋਨ ਦੇ ਮਾਲਕ ਦਾ ਪਤਾ ਲਾਇਆ। ਜਾਂਚ ‘ਚ ਪਤਾ ਲੱਗਾ ਕਿ ਫੋਨ ਚੋਰੀ ਹੋ ਚੁੱਕਾ ਹੈ, ਪਰ ਪੁਲਿਸ ਨੇ ਕੋਸ਼ਿਸ਼ ਨਹੀਂ ਛੱਡੀ।
ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸ਼ਰਾਰਤੀ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ (20) ਵਾਸੀ ਮਜੀਠ ਮੰਡੀ ਵਜੋਂ ਹੋਈ ਹੈ। ਸ਼ਰਾਰਤੀ ਨੌਜਵਾਨ ਨੇ ਕੰਟਰੋਲ ਰੂਮ ’ਤੇ ਫੋਨ ਕਰਨ ਤੋਂ ਬਾਅਦ ਮੋਬਾਈਲ ਬੰਦ ਕਰ ਦਿੱਤਾ ਸੀ। ਉਹ ਵਿਚ-ਵਿੱਚ ਫ਼ੋਨ ਆਨ-ਆਫ਼ ਕਰ ਰਿਹਾ ਸੀ। ਸਵੇਰੇ ਜਦੋਂ ਦੋਸ਼ੀ ਨੇ ਫ਼ੋਨ ਆਨ ਕੀਤਾ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਫੜੇ ਜਾਣ ਤੋਂ ਬਾਅਦ ਜਦੋਂ ਦੋਸ਼ੀ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਵਾਲ ਕੱਟੇ ਹੋਏ ਸਨ ਅਤੇ ਉਹ ਆਪਣੇ ਆਪ ਨੂੰ ਨਿਹੰਗ ਦੱਸ ਰਿਹਾ ਸੀ। ਦੋਸ਼ੀ ਨੇ ਦੱਸਿਆ ਕਿ ਉਹ ਸੰਗਰੂਰ ਇਲਾਕੇ ਦੇ ਇੱਕ ਨਿਹੰਗ ਗਰੁੱਪ ਨਾਲ ਜੁੜਿਆ ਹੋਇਆ ਹੈ। ਉਸ ਦੇ ਮੋਬਾਈਲ ‘ਚੋਂ ਨਿਹੰਗ ਬਾਣੇ ਵਾਲੀਆਂ ਤਸਵੀਰਾਂ ਵੀ ਮਿਲੀਆਂ ਹਨ। ਪਰ ਹੁਣ ਉਸ ਨੇ ਕੇਸ ਕਟਵਾਏ ਹੋਏ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਅਲਫ਼ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਬੰਦਾ, ਮਦਦ ਲਈ ਅੱਗੇ ਆਏ ਸਾਬਕਾ CM ਚੰਨੀ
ਇੰਨਾ ਹੀ ਨਹੀਂ ਦੋਸ਼ੀ ਨੇ ਦੱਸਿਆ ਕਿ ਉਸ ਨੇ ਇਹ ਫੋਨ 3-4 ਦਿਨ ਪਹਿਲਾਂ ਚੋਰੀ ਕੀਤਾ ਸੀ। ਇਸ ਤੋਂ ਇਲਾਵਾ ਬਟਾਲਾ ਵਿੱਚ ਇੱਕ ਕੁੜੀ ਨੂੰ ਅਗਵਾ ਕਰਨ ਦਾ ਮਾਮਲਾ ਵੀ ਉਸ ਖ਼ਿਲਾਫ਼ ਦਰਜ ਹੈ।
ਡੀਸੀਪੀ ਭੰਡਾਲ ਨੇ ਦੱਸਿਆ ਕਿ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬਲਿਊ ਸਟਾਰ ਅਪਰੇਸ਼ਨ ਦੀ ਬਰਸੀ ਦੇ ਨੇੜੇ ਵਾਪਰੇ ਇਸ ਕਾਰੇ ‘ਤੇ ਪੁਲਿਸ ਨੇ ਸਖ਼ਤ ਅਤੇ ਤੁਰੰਤ ਕਾਰਵਾਈ ਕੀਤੀ ਹੈ। ਫੋਨ ਦੇ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: