ਪੰਜਾਬ ਵਿਚ ਆਉਣ ਵਾਲੇ ਦਿਨਾਂ ਵਿਚ ਬਿਜਲੀ ਦਾ ਸੰਕਟ ਵੱਧ ਸਕਦਾ ਹੈ ਕਿਉਂਕਿ ਤਲਵੰਡੀ ਸਾਬੋ ਸਣੇ 5 ਥਰਮਲ ਯੂਨਿਟ ਬੰਦ ਹੋ ਗਏ ਹਨ। ਇਸ ਤੋਂ ਪਹਿਲਾਂ ਵੀ ਪਾਵਰ ਪਲਾਂਟ ਬੰਦ ਹੋਣ ਕਾਰਨ ਸੂਬੇ ਵਿਚ ਬਿਜਲੀ ਦੀ ਕਮੀ ਹੋਈ ਸੀ।
ਪੰਜਾਬ ਵਿਚ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਬਿਜਲੀ ਦੇ ਲੰਬੇ-ਲੰਬੇ ਕੱਟਾਂ ਵਾਸਤੇ ਤਿਆਰ ਰਹਿਣਾ ਪਵੇਗਾ। ਜਿਹੜੇ 5 ਥਰਮਲ ਪਲਾਂਟ ਬੰਦ ਹੋਏ ਹਨ ਉਨ੍ਹਾਂ ਵਿਚੋਂ 2 ਯੂਨਿਟ ਤਲਵੰਡੀ ਸਾਬੋ ਦੇ ਹਨ। ਤਲਵੰਡੀ ਸਾਬੋ ਤੇ ਲਹਿਰਾ ਮੁਹੱਬਤ ਦੇ 2-2 ਯੂਨਿਟ ਬਿਜਲੀ ਦੀ ਕਮੀ ਕਾਰਨ ਬੰਦ ਪਏ ਹਨ ਤੇ ਰੋਪੜ ਦਾ ਪਾਵਰ ਪਲਾਂਟ ਤਕਨੀਕੀ ਖਰਾਬੀ ਆਉਣ ਕਾਰਨ ਬੰਦ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਖੇਤੀਖੇਤਰ ਵਿਚ ਹੁਣ ਮੰਗ ਘੱਟ ਹੋਣ ਕਾਰਨ ਰਾਹਤ ਹੈ ਕਿਉਂਕਿ ਹੁਣ ਝੋਨੇ ਦੀ ਕਟਾਈ ਹੋ ਰਹੀ ਹੈ ਅਤੇ ਇਸ ਨੂੰ ਸਿੰਚਾਈ ਦੀ ਜ਼ਰੂਰਤ ਨਹੀਂ ਹੈ। ਸਿੱਟੇ ਵਜੋਂ, ਬਿਜਲੀ ਦੀ ਮੰਗ ਲਗਭਗ 8500 ਮੈਗਾਵਾਟ ਹੈ। ਕੋਲੇ ਦੀ ਕਮੀ ਕਾਰਨ ਸੂਬਾ ਬਿਜਲੀ ਉਪਯੋਗਤਾ ਪਾਵਰ ਐਕਸਚੇਂਜ ਤੋਂ ਬਿਜਲੀ ਖਰੀਦ ਰਿਹਾ ਹੈ, ਜੋ ਕਿ ਮਹਿੰਗਾ ਪੈ ਰਿਹਾ ਹੈ। PSPCL ਦੇ ਚੇਅਰਮੈਨ ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 13 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਗਈ।
ਥੋੜ੍ਹੇ ਦਿਨ ਪਹਿਲਾਂ ਹੀ ਪਾਵਰਕਾਮ ਨੇ ਚੇਤਾਵਨੀ ਦਿੱਤੀ ਸੀ ਕਿ ਕੋਲੇ ਦੀ ਸਪਲਾਈ ਘੱਟ ਆ ਰਹੀ ਹੈ। ਜੇਕਰ ਆਉਣ ਵਾਲੇ ਹਫਤੇ ਵਿੱਚ ਕੋਲੇ ਦੀ ਸਥਿਤੀ ਵਿੱਚ ਸੁਧਾਰ ਨਾ ਹੋਇਆ ਤਾਂ ਸੂਬੇ ਨੂੰ ਫਿਰ ਤੋਂ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਛਲੇ ਮਹੀਨੇ ਪਈ ਵਾਧੂ ਬਾਰਿਸ਼ ਕਰਕੇ ਕੋਲਾ ਖਾਨਾਂ ਵਿੱਚ ਕੋਲਾ ਭਿੱਜਣ ਨਾਲ ਸਥਿਤੀ ਹੋਰ ਵੀ ਖਰਾਬ ਹੋ ਗਈ ਹੈ।
ਬਿਜਲੀ ਦੀ ਸਪਲਾਈ ਵਿੱਚ ਰੁਕਾਵਟ ਪੰਜਾਬ ਦੀ ਅਰਥ ਵਿਵਸਥਾ ਨੂੰ ਪ੍ਰਭਾਵਤ ਕਰ ਸਕਦੀ ਹੈ। ਕੋਵਿਡ ਕਰਕੇ ਸੂਬੇ ਵਿੱਚ 10,000 ਤੋਂ ਵੱਧ ਉਦਯੋਗਿਕ ਇਕਾਈਆਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ ਅਤੇ ਜੇਕਰ ਕਿਸੇ ਹੋਰ ਕਾਰਨ ਕਰਕੇ ਬਾਕੀ ਇਕਾਈਆਂ ਬੰਦ ਹੁੰਦੀਆਂ ਹਨ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ, ਜਿਸ ਦਾ ਸਿੱਧਾ ਅਸਰ ਰੋਜ਼ਗਾਰਾਂ ‘ਤੇ ਪਵੇਗਾ।
ਇਹ ਵੀ ਪੜ੍ਹੋ : ਡੇਰਾ ਹੰਸਾਲੀ ਦੇ ਮੁੱਖ ਸੇਵਾਦਾਰ ਬਾਬਾ ਪਰਮਜੀਤ ਸਿੰਘ ਵੱਲੋਂ ਕੀਤਾ ਗਿਆ ਮੁੱਖ ਮੰਤਰੀ ਦਾ ਸਨਮਾਨ