ਚੰਡੀਗੜ੍ਹ : ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਸਵੇਰੇ 11 ਵਜੇ ਅਤੇ ਦੁਪਹਿਰ 1 ਵਜੇ ਤੋਂ ਬਾਅਦ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
ਵਿਧਾਨ ਸਭਾ ਵਿੱਚ ਸੰਸਦੀ ਮੰਤਰੀ ਬ੍ਰਹਮ ਮਹਿੰਦਰਾ ਨੇ ਇੱਕ ਮਤਾ ਪੇਸ਼ ਕੀਤਾ ਕਿ ਸੈਸ਼ਨ ਅਣਮਿੱਥੇ ਸਮੇਂ ਲਈ ਸਮਾਪਤ ਕੀਤਾ ਜਾਵੇ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਇਸ ‘ਤੇ ਇਤਰਾਜ਼ ਜਤਾਇਆ ਹੈ। ਇਕ ਦਿਨਾ ਵਿਧਾਨ ਸਭਾ ਇਜਲਾਸ ਵਿਚ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਘੀਆਂ ਸ਼ਖਸੀਅਤਾਂ, ਆਜ਼ਾਦੀ ਘੁਲਾਟੀਆਂ, ਖੇਡ ਪ੍ਰਤੀਕਾਂ, ਰਾਜਨੀਤਿਕ ਸ਼ਖਸੀਅਤਾਂ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦਾ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਗੁਰੂ ਜੀ ਦੇ ਦਿਖਾਏ ਰਸਤੇ ਅਤੇ ਵਿਚਾਰਧਾਰਾ ਅਨੁਸਾਰ ਚੱਲਣਾ ਚਾਹੀਦਾ ਹੈ, ਜੇਕਰ ਅਸੀਂ ਗੁਰੂ ਸਾਹਿਬ ਦੇ ਹੁਕਮ ਅਤੇ ਸੰਦੇਸ਼ ‘ਤੇ ਚੱਲੀਏ ਤਾਂ ਵੱਖਰੀ ਹੀ ਦੁਨੀਆਂ ਦੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ : ਸੰਗਰੂਰ : ਫਰਨੀਚਰ ਗੋਦਾਮ ‘ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ
ਇਸ ਤੋਂ ਬਾਅਦ ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਅਤੇ ਆਪ ਵਲੋਂ ਇਜਲਾਸ ਦਾ ਸਮਾਂ ਵਧਾਉਣ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਜਲਾਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ 400 ਵੇਂ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰੀ ਪੱਧਰ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਾਨਦਾਰ ਕੁਰਬਾਨੀ ਦੀ ਯਾਦ ਦਿਵਾਉਣ ਦੀ ਜ਼ਰੂਰਤ ਨੂੰ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਦੀ ਯਾਦ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਵੇ। ਇਸ ਨੂੰ ਧਾਰਮਿਕ ਸਹਿਣਸ਼ੀਲਤਾ ਦਿਵਸ ਵਜੋਂ ਨਾਂ ਦਿੱਤਾ ਜਾ ਸਕਦਾ ਹੈ।