Property Dealer killed whole family : ਲੁਧਿਆਣਾ ਵਿੱਚ ਮੰਗਲਵਾਰ ਨੂੰ ਇੱਕ ਬਹੁਤ ਹੀ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦਾ ਘਰ ਦੇ ਹੀ ਮੁਖੀ ਨੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਪ੍ਰਾਪਰਟੀ ਡੀਲਰ ਰਾਜੀਵ ਸੁੰਡਾ ਨੇ ਆਪਣੀ ਪਤਨੀ, ਨੂੰਹ, ਬੇਟੇ ਅਤੇ ਪੋਤੇ ਨੂੰ ਕੁਹਾੜੀ ਨਾਲ ਵੱਢ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਟੀਮ ਫਿੰਗਰ ਪ੍ਰਿੰਟ ਐਕਸਪਰਟ, ਡੌਗ ਸਕਵਾਇਡ ਅਤੇ ਫੋਰੈਂਸਿਕ ਟੀਮ ਦੇ ਨਾਲ ਮੌਕੇ ‘ਤੇ ਪਹੁੰਚ ਗਈ। ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪੁਲਿਸ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਘਟਨਾ ਸ਼ਹਿਰ ਦੇ ਹੰਬੜਾ ਰੋਡ ‘ਤੇ ਸਥਿਤ ਮਯੂਰ ਵਿਹਾਰ ਵਿਖੇ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਪ੍ਰਾਪਰਟੀ ਡੀਲਰ ਦੇ ਪੁੱਤਰ ਅਸ਼ੀਸ਼ (35), ਉਸਦੀ ਪਤਨੀ ਗਰਿਮਾ (35), ਮਾਂ ਸੁਨੀਤਾ (60) ਅਤੇ 13 ਸਾਲਾ ਬੇਟੇ ਸਾਕੇਤ ਵਜੋਂ ਹੋਈ ਹੈ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮ ਰਾਜੀਵ ਸੁੰਡਾ ਨੂੰ ਬਹੁਤ ਤੇਜ਼ੀ ਨਾਲ ਗੱਡੀ ਲਿਜਾਉਂਦੇ ਹੋਏ ਦੇਖਿਆ। ਉਸ ਨੇ ਗੱਡੀ ਨਾਲ ਇੱਕ ਐਕਟਿਵਾ ਸਵਾਰ ਨੂੰ ਵੀ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਕਾਰ ਸਾਊਥ ਸਿਟੀ ਰੋਡ ’ਤੇ ਟਕਰਾ ਗਈ, ਜਿਸ ਨਾਲ ਕਾਰ ਵਿੱਚ ਅੱਗ ਲੱਗ ਗਈ।
ਇਸ ਬਾਰੇ ਆਸ਼ੀਸ਼ ਦੇ ਸਾਲੇ ਅਸ਼ੋਕ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ ਲਗਭਗ ਸਵਾ 6 ਵਜੇ ਉਸ ਦੇ ਭਤੀਜੇ ਸਾਕੇਤ ਦਾ ਫੋਨ ਆਇਆ। ਉਸਨੇ ਦੱਸਿਆ ਕਿ ਉਸਦੇ ਪਰਿਵਾਰ ਵਿੱਚ ਲੜਾਈ ਚੱਲ ਰਹੀ ਹੈ ਅਤੇ ਦਾਦਾ ਜੀ ਸਾਰਿਆਂ ਨੂੰ ਮਾਰ ਰਹੇ ਹਨ। ਅਚਾਨਕ ਫੋਨ ਕਾਲ ਬੰਦ ਹੋ ਗਈ ਅਤੇ ਜਲਦੀ ਹੀ ਜਦੋਂ ਅਸ਼ੋਕ ਪ੍ਰਾਪਰਟੀ ਡੀਲਰ ਦੇ ਘਰ ਪਹੁੰਚਿਆ ਤਾਂ ਰਾਜੀਵ ਆਪਣੀ ਸਵਿਫਟ ਕਾਰ ਵਿੱਚ ਘਰ ਤੋਂ ਬਾਹਰ ਜਾ ਰਿਹਾ ਸੀ। ਉਸਨੇ ਰਾਜੀਵ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਥੋਂ ਬਚ ਨਿਕਲਿਆ।
ਸੂਚਨਾ ਤੋਂ ਬਾਅਦ ਪੁਲਿਸ ਘਟਨਾ ਸਥਾਨ ‘ਤੇ ਪਹੁੰਚੀ ਅਤੇ ਦਰਵਾਜ਼ਾ ਤੋੜਿਆ ਅਤੇ ਘਰ ਦੇ ਅੰਦਰ ਪਹੁੰਚ ਗਈ। ਚਾਰੋਂ ਲਾਸ਼ਾਂ ਅੰਦਰੋਂ ਵੱਖੋ-ਵੱਖਰੇ ਕਮਰਿਆਂ ਵਿੱਚ ਲਹੂਲੁਹਾਨ ਹਾਲਤ ਵਿੱਚ ਪਈਆਂ ਹੋਈਆਂ ਸਨ। ਲਾਸ਼ਾਂ ‘ਤੇ ਤੇਜ਼ਧਾਰ ਹਥਿਆਰਾਂ ਦੇ ਟੱਕ ਦੇ ਜ਼ਖ਼ਮ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਤਲ ਬਾਰੇ ਅਜੇ ਕੋਈ ਖੁਲਾਸਾ ਨਹੀਂ ਕਰ ਸਕਦੇ। ਪੁਲਿਸ ਨੇ ਦੋਸ਼ੀ ਖਿਲਾਫ ਧਾਰਾ 302 ਅਧੀਨ ਮਾਮਲਾ ਦਰਜ ਕਰ ਲਿਆ ਹੈ।