Punjab CM authorize: ਚੰਡੀਗੜ: ਕੋਵਿਡ-19 ਕੇਹਰ ਅਤੇ ਲੰਬੇ ਸਮੇਂ ਤੋਂ ਲਗਾਏ ਲਾਕਡਾਊਨ ਕਾਰਨ ਸ਼ਰਾਬ ਕਾਰੋਬਾਰ ਉੱਤੇ ਪਏ ਅਸਰ ਦੀ ਰੌਸ਼ਨੀ ‘ਚ ਸੂਬੇ ਦੀ ਆਬਾਕਾਰੀ ਨੀਤੀ ਵਿੱਚ ਸੋਧ ਦੇ ਮਾਮਲੇ ਉੱਤੇ ਅਗਲੇਰੀ ਕਾਰਵਾਈ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਸੋਮਵਾਰ ਨੂੰ ਮੁੱਖ ਮੰਤਰੀ ਨੂੰ ਅਧਿਕਾਰਤ ਕਰ ਦਿੱਤਾ। ਆਬਕਾਰੀ ਨੀਤੀ ਉਤੇ ਵਿਚਾਰ ਵਟਾਂਦਰੇ ਲਈ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਾਰੇ ਮੰਤਰੀਆਂ ਦੀ ਇਸ ਗੱਲ ‘ਤੇ ਸਹਿਮਤੀ ਬਣੀ ਕਿ ਸ਼ਰਾਬ ਦੇ ਲਾਇਸੈਂਸ ਧਾਰਕਾਂ ਦੀ ਚਿੰਤਾ ਦੂਰ ਕਰਨ ਲਈ ਸੂਬੇ ਦੇ ਵਡੇਰੇ ਹਿੱਤ ਵਿੱਚ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਛੱਡ ਦੇਣਾ ਚਾਹੀਦਾ ਹੈ।
ਸ਼ਰਾਬ ਦੀ ਹੋਮ ਡਲਿਵਰੀ ਬਾਰੇ ਮਾਮਲਾ ਵਿਚਾਰਿਆ ਗਿਆ ਪਰ ਕੁਝ ਮੰਤਰੀਆਂ ਵੱਲੋਂ ਇਸ ਬਾਰੇ ਆਪਣੇ ਖਦਸ਼ੇ ਜ਼ਾਹਰ ਕੀਤੇ ਗਏ। ਇਸ ਮਾਮਲੇ ਬਾਰੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ। ਮੁੱਖ ਮੰਤਰੀ ਵੱਲੋਂ ਇਸ ਮਾਮਲੇ ਉਤੇ ਅਗਲੇ ਕੁਝ ਦਿਨਾਂ ਵਿੱਚ ਫੈਸਲਾ ਲੈਣ ਦੀ ਸੰਭਾਵਨਾ ਹੈ। ਮੁੱਖ ਸਕੱਤਰ ਨੇ ਅੱਜ ਮੁੱਖ ਮੰਤਰੀ ਦੀ ਆਗਿਆ ਨਾਲ ਅੱਧੇ ਦਿਨ ਦੀ ਛੁੱਟੀ ਲਈ ਸੀ ਅਤੇ ਉਹ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਨਹੀਂ ਸਨ।