ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਫਿਰੋਜ਼ਪੁਰ ਤੋਂ ਦੋ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਨਸ਼ਾ ਸਮੱਗਲਰ ਬੀਤੇ ਦਿਨੀਂ ਸੀਆਈ ਅੰਮ੍ਰਿਤਸਰ ਵੱਲੋਂ ਫੜੇ ਗਏ ਰਾਜਸਥਾਨ ਦੇ ਨਸ਼ਾ ਸਮੱਗਲਰਾਂ ਦੇ ਸਾਥੀ ਹਨ। ਬੀਤੇ ਦਿਨੀਂ ਫਿਰੋਜ਼ਪੁਰ ਬਾਰਡਰ ਤੋਂ ਫੜੀ ਜਾ ਚੁੱਕੀ 10 AK-47 ਤੇ 10 ਪਿਸੌਤਲਾਂ ਇਨ੍ਹਾਂ ਚਾਰੋਂ ਤਸਕਰਾਂ ਦੀ ਨਿਸ਼ਾਨਦੇਹੀ ‘ਤੇ ਹੀ ਕੀਤੀ ਗਈ ਸੀ।
ਸੀ.ਆਈ.ਅੰਮ੍ਰਿਤਸਰ ਨੇ 21 ਨਵੰਬਰ ਨੂੰ ਵੇਰਕਾ ਬਾਈਪਾਸ ਤੋਂ ਰਾਜਸਥਾਨ ਦੇ ਦੋ ਨਸ਼ਾ ਤਸਕਰਾਂ ਸੁਖਵੀਰ ਸਿੰਘ ਅਤੇ ਬਿੰਦੂ ਸਿੰਘ ਨੂੰ 13 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ। ਇਹ ਦੋਵੇਂ ਤਸਕਰ ਸਨ, ਜੋ ਜੰਮੂ-ਕਸ਼ਮੀਰ ਤੋਂ ਰਾਜਸਥਾਨ ਨੂੰ ਹੈਰੋਇਨ ਦੀ ਖੇਪ ਲੈ ਕੇ ਜਾ ਰਹੇ ਸਨ।ਉਸ ਦੀ ਇਤਲਾਹ ‘ਤੇ ਪੁਲਿਸ ਨੇ ਉਸ ਦੇ ਦੋ ਸਾਥੀਆਂ ਮਨਪ੍ਰੀਤ ਸਿੰਘ ਅਤੇ ਬਲਕਾਰ ਸਿੰਘ ਵਾਸੀ ਗੁਰੂ ਹਰ ਸਰਾਏ, ਫਿਰੋਜ਼ਪੁਰ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ। ਦੋਵੇਂ ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸਨ ਅਤੇ ਪੁਲਿਸ ਨੇ ਦੋਵਾਂ ਨੂੰ ਰਾਜਸਥਾਨ ਤੋਂ ਹੀ ਗ੍ਰਿਫਤਾਰ ਕੀਤਾ ਹੈ।
ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਆਪਣੇ ਪਾਕਿਸਤਾਨੀ ਸਬੰਧਾਂ ਅਤੇ ਹੈਰੋਇਨ ਦੀ ਖੇਪ ਭਾਰਤ ਲਿਆਉਣ ਲਈ ਚੁੱਕੇ ਜਾਣ ਵਾਲੇ ਰੂਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਹੈ। ਮੁਲਜ਼ਮਾਂ ਨੇ ਦੱਸਿਆ ਕਿ ਉਹ ਹੈਰੋਇਨ ਦੀ ਖੇਪ ਪੰਜਾਬ ਦੀ ਸਰਹੱਦ ਤੋਂ ਹੀ ਨਹੀਂ, ਸਗੋਂ ਜੰਮੂ-ਕਸ਼ਮੀਰ ਸਰਹੱਦ ਤੋਂ ਵੀ ਲਿਆਉਂਦੇ ਸਨ। ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਇਹ ਖੇਪ ਲੈ ਕੇ ਰਾਜਸਥਾਨ ਆ ਰਹੇ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪਿਛਲੇ ਦਿਨੀਂ ਫਿਰੋਜ਼ਪੁਰ ਬਾਰਡਰ ਤੋਂ ਫੜੀ ਗਈ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਬਰਾਮਦ ਕਰਨ ਪਿੱਛੇ ਸਮੱਗਲਰਾਂ ਦੀ ਇਹੀ ਜਾਣਕਾਰੀ ਸੀ। ਮੁਲਜ਼ਮਾਂ ਨੇ ਹਥਿਆਰਾਂ ਅਤੇ ਹੈਰੋਇਨ ਦੀ ਇੱਕ ਖੇਪ ਫਾਰਵਰਡ ਪੋਸਟ ਤੀਰਥ ਵਿਖੇ ਅਤੇ ਦੂਜੀ ਫ਼ਿਰੋਜ਼ਪੁਰ ਅਧੀਨ ਪੈਂਦੀ ਪੋਸਟ ਜਗਦੀਸ਼ ਵਿਖੇ ਛੁਪਾ ਰੱਖੀ ਸੀ। ਜਿੱਥੋਂ ਪੁਲਿਸ ਨੇ ਬੀਐਸਐਫ ਨਾਲ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ 10 ਏਕੇ 47, 10 ਰਿਵਾਲਵਰ, 25 ਦੇ ਕਰੀਬ ਮੈਗਜ਼ੀਨ ਅਤੇ ਹੈਰੋਇਨ ਦੀ ਇੱਕ ਖੇਪ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਹਾਈਕੋਰਟ ਨੇ ਮਹਿਲਾ SHO ਅਮਨਜੋਤ ਕੌਰ ਦੀ ਮੁਅੱਤਲੀ ‘ਤੇ ਲਾਈ ਰੋਕ, ਰਿਸ਼ਵਤ ਲੈਣ ਦੇ ਲੱਗੇ ਸਨ ਦੋਸ਼
ਡੀਜੀਪੀ ਨੇ ਦੱਸਿਆ ਕਿ ਪੁਲਿਸ ਨੇ ਮੁੱਖ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਵਿੱਚ ਹੈਰੋਇਨ ਦੀ ਸਪਲਾਈ ਚੇਨ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਚਾਰੇ ਮੁਲਜ਼ਮ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਸਨ ਅਤੇ ਆਪਣਾ ਨੈੱਟਵਰਕ ਚਲਾਉਂਦੇ ਸਨ।
ਵੀਡੀਓ ਲਈ ਕਲਿੱਕ ਕਰੋ -: