ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਸਮਰਥਕਾਂ ਖਿਲਾਫ ਸੂਬੇ ਵਿਚ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ। ਉਹ ਸਮਰਥਕ ਜਿਨ੍ਹਾਂ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਆਪ੍ਰੇਸ਼ਨ ਦੌਰਾਨ ਹੁਣ ਤੱਕ 78 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਕਈ ਹੋਰਨਾਂ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਪੁਲਿਸ ਨੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਮਲਸੀਆਂ ਰੋਡ ‘ਤੇ ਡਬਲਯੂਪੀਡੀ ਦੀਆਂ ਕਈ ਗਤੀਵਿਧੀਆਂ ਨੂੰ ਫੜਿਆ ਤੇ 7 ਲੋਕਾਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ। ਅੰਮ੍ਰਿਤਪਾਲ ਸਿੰਘ ਸਣੇ ਕਈ ਹੋਰ ਫਰਾਰ ਹਨ ਤੇ ਉਨ੍ਹਾਂ ਨੂੰ ਫੜਨ ਲਈ ਵੱਡੇ ਪੈਮਾਨੇ ‘ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੂਬਾ ਪੱਧਰੀ ਮੁਹਿੰਮ ਦੌਰਾਨ ਹੁਣ ਤੱਕ ਇਕ 315 ਬੋਰ ਰਾਈਫਲ ਸਣੇ 9 ਹਥਿਆਰ, 12 ਬੋਰ ਦੀ ਇਕ ਰਿਵਾਲਵਰ ਦੀਆਂ 7 ਰਾਈਫਲਾਂ ਤੇ ਵੱਖ-ਵੱਖ ਕੈਲੀਬਰ ਦੇ 373 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਦੱਸ ਦੇਈਏ ਕਿ ਜਿਹੜੇ 78 ਸਮਰਥਕ ਗ੍ਰਿਫਤਾਰ ਕੀਤੇ ਗਏ ਹਨ ਉਨ੍ਹਾਂ ਖਿਲਾਫ ਚਾਰ ਅਪਰਾਧਿਕ ਕੇਸ ਦਰਜ ਹਨ ਜਿਨ੍ਹਾਂ ਵਿਚ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ, ਪੁਲਿਸ ਮੁਲਾਜ਼ਮਾਂ ਉਤੇ ਹਮਲਾ ਕਰਨ ਅਤੇ ਸਰਕਾਰੀ ਡਿਊਟੀਆਂ ਵਿਚ ਵਿਘਨ ਪਾਉਣ ਸਬੰਧੀ ਕੇਸ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਜਨਾਲਾ ਥਾਣੇ ’ਤੇ ਹਮਲੇ ਦੇ ਮਾਮਲੇ ’ਚ ਵੀ ‘ਵਾਰਿਸ ਪੰਜਾਬ ਦੇ’ ਦੇ ਕਾਰਕੁਨਾਂ ਵਿਰੁੱਧ 24 ਫਰਵਰੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੈ।
ਪੰਜਾਬ ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਫੇਕ ਨਿਊਜ਼ ਤੇ ਅਫਵਾਹਾਂ ਉਤੇ ਧਿਆਨ ਨਾ ਦਿਓ।ਸੂਬੇ ਵਿਚ ਸਥਿਤੀ ਪੂਰੀ ਤਰ੍ਹਾਂ ਸਥਿਰ ਹੈ। ਪੁਲਿਸ ਨੇ ਕਿਹਾ ਕਿ ਸੂਬੇ ਵਿਚ ਸ਼ਾਂਤੀ ਨੂੰ ਵਿਗਾੜਨ ਲਈ ਸ਼ਰਾਰਤੀ ਗਤੀਵਿਧੀਆਂ ਵਿਚ ਸ਼ਾਮਲ ਸਾਰੇ ਵਿਅਕਤੀਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: