ਰਾਜਸਥਾਨ ਦੇ ਉਦੇਪੁਰ ਵਿਚ ਕਾਂਗਰਸ ਦਾ ਤਿੰਨ ਦਿਨ ਦਾ ਚਿੰਤਨ ਸ਼ਿਵਿਰ ਫਾਈਨਲ ਸਟੇਜ ‘ਚ ਜਾ ਪੁੱਜਾ ਹੈ। ਪਾਰਟੀ ਨੇ ਵਨ ਫੈਮਿਲੀ-ਵਨ ਟਿਕਟ, ਸੰਗਠਨ ਵਿਚ ਨੌਜਵਾਨਾਂ ਨੂੰ ਰਾਖਵਾਂਕਰਨ, ਦੇਸ਼ ਭਰ ਵਿੱਚ ਪੈਦਲ ਯਾਤਰਾ ਕੱਢਣ ਵਰਗੇ ਕਈ ਅਹਿਮ ਫੈਸਲੇ ਲਏ ਗਏ ਹਨ। ਰਾਹੁਲ ਗਾਂਧੀ ਨੇ ਪਾਰਟੀ ਦੀ ਕਾਇਆ ਕਲਪ ਦਾ ਮੰਤਰ ਦਿੱਤਾ। ਉਨ੍ਹਾਂ ਚਿੰਤਨ ਸ਼ਿਵਿਰ ਵਿੱਚ ਕਰੀਬ 35 ਮਿੰਟ ਦਾ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕਾਂਗਰਸ ਦਾ ਨਾਤਾ ਟੁੱਟ ਚੁੱਕਾ ਹੈ। ਇਸ ਨੂੰ ਫਿਰ ਤੋਂ ਸਥਾਪਤ ਕਰਨ ਦੀ ਲੋੜ ਹੈ। ਅਸੀਂ ਫਿਰ ਜਨਤਾ ਵਿਚ ਜਾਵਾਂਗੇ, ਉਨ੍ਹਾਂ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰਾਂਗੇ ਅਤੇ ਇਹ ਕੰਮ ਸ਼ਾਰਟਕੱਟ ਨਾਲ ਨਹੀਂ ਹੋਵੇਗਾ। ਇਹ ਪਸੀਨੇ ਨਾਲ, ਯਾਨੀ ਮਿਹਨਤ ਨਾਲ ਹੋਵੇਗਾ।
ਰਾਹੁਲ ਨੇ ਨੇਤਾਵਾਂ ਵਿਚ ਜਾਨ ਫੂਕਣ ਦੀ ਵੀ ਕੋਸ਼ਿਸ਼ ਕੀਤੀ ਕਿਹਾ ਉਹ ਡਿਪ੍ਰੈਸ਼ਨ ਵਿਚ ਨਾ ਜਾਣ ਕਿਉਂਕਿ ਲੜਾਈ ਲੰਬੀ ਹੈ। ਅਸੀਂ ਪੈਦਾ ਹੀ ਜਨਤਾ ਤੋਂਹੋਏ ਹਾਂ, ਇਹ ਸਾਡਾ ਜੀਐੱਨਏ ਹੈ। ਇਹ ਸੰਗਠਨ ਜਨਤਾ ਤੋਂ ਬਣਿਆ ਹੈ ਅਸੀਂ ਫਿਰ ਜਨਤਾ ਵਿਚ ਜਾਵਾਂਗੇ। ਜੋ ਜਨਤਾ ਨਾਲ ਰਿਸ਼ਤਾ ਹੈ, ਉਹ ਫਿਰ ਤੋਂ ਮਜ਼ਬੂਤ ਕਰਾਂਗੇ। ਇਹੀ ਇਕ ਰਸਤਾ ਹੈ, ਹੋਰ ਕਿਸੇ ਸ਼ਾਰਟਕੱਟ ਨਾਲ ਇਹ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਇਹ ਲੜਾਈ ਰੀਜ਼ਨਲ ਪਾਰਟੀਆਂ ਨਹੀਂ ਲੜ ਸਕਦੀ।ਇਹ ਲੜਾਈ ਸਿਰਫ ਕਾਂਗਰਸ ਹੀ ਲੜ ਸਕਦੀ ਹੈ। ਰੀਜਨਲ ਪਾਰਟੀਆਂ ਭਾਜਪਾ ਨੂੰ ਨਹੀਂ ਹਰਾ ਸਕਦੀ ਕਿਉਂਕਿ ਉਨ੍ਹਾਂ ਕੋਲ ਵਿਚਾਰਧਾਰਾ ਨਹੀਂ ਹੈ, ਉਹ ਵੱਖ-ਵੱਖ ਹਨ। ਮੈਨੂੰ ਕੋਈ ਡਰ ਨਹੀਂ ਹੈ। ਮੈਂ ਜ਼ਿੰਦਗੀ ਵਿਚ ਇੱਕ ਰੁਪਿਆ ਕਿਸੇ ਕੋਲ ਨਹੀਂ ਲਿਆ। ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ। ਮੈਂ ਸੱਚ ਬੋਲਣ ਤੋਂ ਨਹੀਂ ਡਰਦਾ।
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾਕਿ ਦੇਸ਼ ਵਿਚ ਅੱਗ ਲੱਗਣ ਵਾਲੀ ਹੈ। ਮੈਂ ਤੁਹਾਨੂੰ ਕੋਵਿਡ ਤੋਂ ਪਹਿਲਾਂ ਵੀ ਦੱਸਿਆ ਸੀ, ਹੁਣ ਫਿਰ ਕਹਿ ਰਿਹਾ ਹਾਂ। ਇਹ ਭਾਜਪਾ ਨੇਤਾ ਦੇਸ਼ ਦੇ ਇੰਸਟੀਚਿਊਸ਼ਨ ਨੂੰ ਤੋੜ ਰਹੇ ਹਨ। ਇਹ ਜਿੰਨਾ ਸੰਸਥਾਵਾਂ ਨੂੰ ਖਤਮ ਕਰਨਗੇ, ਓਨੀ ਹੀ ਅੱਗ ਲੱਗੇਗੀ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਦੇਸ਼ ਵਿਚ ਅੱਗ ਨਾ ਲੱਗੇ। ਇਸ ਦੇਸ਼ ਵਿਚ ਅਜਿਹਾ ਕੋਈ ਧਰਮ, ਜਾਤੀ, ਵਿਅਕਤੀ ਨਹੀਂ ਹੈ ਜੋ ਇਹ ਕਹਿ ਦੇਵੇ ਕਿ ਉਸ ਨੇ ਕਾਂਗਰਸ ਲਈ ਦਰਵਾਜ਼ੇ ਬੰਦ ਕਰ ਦਿੱਤੇ ਹਨ। ਕਾਂਗਰਸ ਸਾਰਿਆਂ ਦੀ ਪਾਰਟੀ ਹੈ।
ਭਾਜਪਾ ‘ਤੇ ਹਮਲਾ ਬੋਲਦਿਆਂ ਰਾਹੁਲ ਨੇ ਕਿਹਾ ਕਿ ਰੋਜ਼ਗਾਰ ਪੈਦਾ ਕਰਨ ਵਾਲੀ ਰੀੜ੍ਹ ਦੀ ਹੱਡੀ ਨੂੰ ਮੋਦੀ ਤੇ ਭਾਜਪਾ ਨੇ ਤੋੜ ਦਿੱਤਾ ਹੈ। ਨੋਟਬੰਦੀ ਤੇ ਜੀਐੱਸਟੀ ਲਾਗੂ ਕਰਕੇ ਇਸ ਦਾ ਫਾਇਦਾ ਦੋ ਤਿੰਨ ਉਦਯੋਗਪਤੀਆਂ ਨੂੰ ਦੇ ਕੇ ਸਰਕਾਰ ਨੇ ਨੌਜਵਾਨਾਂ ਦੇ ਭਵਿੱਖ ਨੂੰ ਖਤਮ ਕਰ ਦਿੱਤਾ। ਆਉਣ ਵਾਲੇ ਸਮੇਂ ਵਿਚ ਦੇਸ਼ ਦਾ ਨੌਜਵਾਨ ਰੋਜ਼ਗਾਰ ਨਹੀਂ ਪਾ ਸਕੇਗਾ। ਮਹਿੰਗਾਈ ਦੀ ਵਜ੍ਹਾ ਨਾਲ ਰੋਜ਼ਗਾਰ ਨਹੀਂ ਮਿਲੇਗਾ। ਦੂਜੇ ਪਾਸੇ ਸੋਨੀਆ ਨੇ ਭਾਸ਼ਣ ਵਿਚ ਕਿਹਾ ਕਿ ਅਸੀਂ ਸੱਤਾ ਵਿਚ ਵਾਪਸ ਪਰਤਾਂਗੇ।
ਵੀਡੀਓ ਲਈ ਕਲਿੱਕ ਕਰੋ -: