ਪੰਜਾਬ ਵਿੱਚ ਦੇਰ ਰਾਤ ਅਚਾਨਕ ਮੌਸਮ ਬਦਲ ਗਿਆ। ਤੇਜ਼ ਹਨੇਰੀ ਅਤੇ ਮੀਂਹ ਕਾਰਨ ਕਈ ਥਾਵਾਂ ‘ਤੇ ਦਰੱਖਤ ਡਿੱਗ ਗਏ। ਕਈ ਥਾਵਾਂ ‘ਤੇ ਬਿਜਲੀ ਦੇ ਖੰਭੇ ਵੀ ਡਿੱਗੇ ਹਨ। ਤੂਫਾਨ ਕਾਰਨ ਬਠਿੰਡਾ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ ਸਮੇਤ ਕਈ ਜ਼ਿਲਿਆਂ ਵਿਚ ਬਿਜਲੀ ਦੀਆਂ ਤਾਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਰਾਤ ਕਰੀਬ 10 ਵਜੇ ਤੋਂ ਬੰਦ ਪਈ ਬਿਜਲੀ ਸਪਲਾਈ ਕਈ ਇਲਾਕਿਆਂ ਵਿੱਚ ਦੁਪਹਿਰ ਤੱਕ ਚਾਲੂ ਨਹੀਂ ਹੋ ਸਕੀ। ਜਿਸ ਕਾਰਨ ਜ਼ਿਆਦਾਤਰ ਲੋਕ ਪਾਣੀ ਨੂੰ ਵੀ ਤਰਸ ਰਹੇ ਹਨ।
ਬਠਿੰਡਾ ‘ਚ ਬੀਤੀ ਰਾਤ ਤੇਜ਼ ਹਨੇਰੀ ਕਾਰਨ ਦਰੱਖਤ ਕਾਰਾਂ ਦੇ ਉੱਪਰ ਡਿੱਗ ਗਏ। ਜਿਸ ਕਾਰਨ ਕਾਰਾਂ ਦਾ ਕਾਫੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਪੁਲਿਸ ਲਾਈਨ ਨੇੜੇ ਲੱਗੇ ਇਸ਼ਤਿਹਾਰੀ ਖੰਭੇ ਵੀ ਤੇਜ਼ ਹਨੇਰੀ ਕਾਰਨ ਉਖੜ ਗਏ। ਤੂਫਾਨ ਕਾਰਨ ਲੁਧਿਆਣਾ ਦੇ ਸਿੰਗਰ ਸਿਨੇਮਾ ਰੋਡ ‘ਤੇ ਡਿੱਗਿਆ ਬਿਜਲੀ ਦਾ ਖੰਭਾ। ਸ੍ਰੀ ਮੁਕਤਸਰ ਸਾਹਿਬ ਵਿੱਚ ਬੁੱਧਵਾਰ ਰਾਤ 10 ਵਜੇ ਤੋਂ ਸ਼ੁਰੂ ਹੋਈ ਤੇਜ਼ ਬਾਰਿਸ਼ ਕਾਰਨ ਜ਼ਿਲ੍ਹੇ ਵਿੱਚ ਦੋ ਸੌ ਤੋਂ ਵੱਧ ਬਿਜਲੀ ਦੇ ਖੰਭੇ ਅਤੇ ਪੰਦਰਾਂ ਦੇ ਕਰੀਬ ਟਰਾਂਸਫਾਰਮਰ ਡਿੱਗ ਪਏ। ਮੁਕਤਸਰ ਵਿੱਚ 13 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ। ਬੈਂਕ ਰੋਡ, ਸਦਰ ਬਜ਼ਾਰ, ਕੋਟਲੀ ਰੋਡ, ਆਦਰਸ਼ ਨਗਰ, ਬਾਗ ਵਾਲੀ ਗਲੀ, ਗੋਨਿਆਣਾ ਰੋਡ, ਮੌੜ ਰੋਡ, ਅਬੋਹਰ ਰੋਡ ਦੇ ਕੁਝ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ। ਸ਼ਹਿਰ ਦੇ ਗਾਂਧੀ ਨਗਰ ਸਥਿਤ ਗੁਰਦੁਆਰਾ ਸੰਝੀਵਾਲ ਸਾਹਿਬ ਨੇੜੇ ਪਾਵਰਕੌਮ ਦੇ ਦੋ ਬਿਜਲੀ ਦੇ ਖੰਭੇ ਅਤੇ ਨੇੜਲੇ ਦੋ-ਤਿੰਨ ਦਰੱਖਤ ਡਿੱਗ ਪਏ। ਖੁਸ਼ਕਿਸਮਤੀ ਨਾਲ ਜਦੋਂ ਬਿਜਲੀ ਦੇ ਖੰਭੇ ਅਤੇ ਦਰੱਖਤ ਡਿੱਗੇ ਤਾਂ ਰਾਤ ਹੋਣ ਕਾਰਨ ਕੋਈ ਵੀ ਉਥੋਂ ਦੀ ਨਹੀਂ ਲੰਘ ਰਿਹਾ ਸੀ।
ਪਾਵਰਕੌਮ ਦੇ SI ਮੋਹਤਮ ਸਿੰਘ ਅਨੁਸਾਰ ਜ਼ਿਲ੍ਹੇ ਵਿੱਚ ਜ਼ਿਆਦਾਤਰ ਬਿਜਲੀ ਦੇ ਖੰਭੇ ਡਿੱਗ ਚੁੱਕੇ ਹਨ। ਹੁਣ ਤੱਕ 150 ਦੇ ਕਰੀਬ ਖੰਭੇ ਹੀ ਲੰਬੀ ਖੇਤਰ ਵਿੱਚ ਹੀ ਸਾਹਮਣੇ ਆ ਚੁੱਕੇ ਹਨ। ਦੂਜੇ ਪਾਸੇ ਬਿਜਲੀ ਸਪਲਾਈ ਬਹਾਲ ਕਰਨ ਲਈ 400 ਦੇ ਕਰੀਬ ਕਰਮਚਾਰੀ ਸਵੇਰ ਤੋਂ ਹੀ ਲੱਗੇ ਹੋਏ ਹਨ ਤਾਂ ਜੋ ਮੁੜ ਖੰਭਿਆਂ ਨੂੰ ਖੜ੍ਹਾ ਕਰਕੇ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਇਆ ਜਾ ਸਕੇ। ਪਾਵਰਕੌਮ ਦੇ ਅਧਿਕਾਰੀ ਤੇ ਕਰਮਚਾਰੀ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਵਿੱਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਚਮਤਕਾਰ! ਜਹਾਜ਼ ਦੁਰਘਟਨਾ ‘ਚ ਲਾਪਤਾ ਹੋਏ ਚਾਰ ਬੱਚੇ 16 ਦਿਨ ਬਾਅਦ ਮਿਲੇ ਜ਼ਿੰਦਾ
ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਸੂਬੇ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਅਗਲੇ ਤਿੰਨ ਦਿਨਾਂ ਤੱਕ ਸੂਬੇ ਦੇ ਪਾਰਾ ‘ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਪਰ ਉਸ ਤੋਂ ਬਾਅਦ 2-3 ਡਿਗਰੀ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ। ਬੁੱਧਵਾਰ ਨੂੰ ਪੰਜਾਬ ਦੇ ਤਾਪਮਾਨ ‘ਚ 0.7 ਡਿਗਰੀ ਦਾ ਉਛਾਲ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.1 ਡਿਗਰੀ ਵੱਧ ਸੀ।
ਵੀਡੀਓ ਲਈ ਕਲਿੱਕ ਕਰੋ -: