Rape with seven year minor : ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਝੁੱਗੀ ਵਿੱਚ ਰਹਿੰਦੀ ਸੱਤ ਸਾਲਾ ਲੜਕੀ ਨਾਲ ਸੋਮਵਾਰ ਦੁਪਹਿਰ ਨੌਜਵਾਨ ਨੇ ਜਬਰ-ਜ਼ਨਾਹ ਕੀਤਾ, ਜਿਸ ਨਾਲ ਬੱਚੀ ਦੀ ਜਾਨ ’ਤੇ ਬਣ ਆਈ। ਉਸ ਦੀ ਹਾਲਤ ਗੰਭੀਰ ਹੋਣ ‘ਤੇ ਲੜਕੀ ਨੂੰ ਸਿਵਲ ਹਸਪਤਾਲ, ਕਪੂਰਥਲਾ ਤੋਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਕਪੂਰਥਲਾ ਦੀ ਐਸਐਸਪੀ ਕੰਵਰਦੀਪ ਕੌਰ ਖੁਦ ਬੱਚੇ ਦੀ ਹਾਲਤ ਬਾਰੇ ਜਾਣਨ ਲਈ ਸਿਵਲ ਹਸਪਤਾਲ ਪਹੁੰਚੀ। ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਹਰਜੀਤ ਸਿੰਘ ਅਨੁਸਾਰ ਸੋਮਵਾਰ ਦੁਪਹਿਰ ਲੜਕੀ ਝੁੱਗੀ ਵਿਚ ਇਕੱਲੀ ਸੀ। ਉਸਦੇ ਮਾਤਾ ਪਿਤਾ ਕੰਮ ’ਤੇ ਗਏ ਸਨ। 30 ਸਾਲਾ ਗੁਆਂਢੀ ਨੇ ਬਿਸਕੁਟ ਦੇ ਪੈਕੇਟ ਨਾਲ ਲੜਕੀ ਨੂੰ ਵਰਗਲਾਇਆ ਅਤੇ ਖਾਲੀ ਝੁੱਗੀ ਵਿੱਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਮਾਪੇ ਘਰ ਆਏ, ਤਾਂ ਲੜਕੀ ਦਿਖਾਈ ਨਹੀਂ ਦਿੱਤੀ। ਉਹ ਉਸ ਨੂੰ ਲੱਭਣ ਕਰਨ ਲੱਗੇ। ਬੱਚੀ ਕੁਝ ਹੀ ਦੂਰੀ ‘ਤੇ ਇੱਕ ਝੁੱਗੀ ਵਿੱਚ ਲਹੂਲੁਹਾਨ ਹਾਲਤ ਵਿੱਚ ਪਈ ਸੀ।
ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਐਸਐਚਓ ਨੇ ਦੱਸਿਆ ਕਿ ਮੁਲਜ਼ਮ ਮੂਲ ਰੂਪ ਵਿੱਚ ਬਿਹਾਰ ਦੇ ਮੁੰਗੇਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਬੱਚੀ ਦੇ ਮਾਪਿਆਂ ਦੇ ਬਿਆਨ ਲਏ ਜਾ ਰਹੇ ਹਨ। ਦੋਸ਼ੀ 15 ਦਿਨ ਪਹਿਲਾਂ ਬਿਹਾਰ ਤੋਂ ਆਇਆ ਸੀ। ਐਸਐਚਓ ਨੇ ਦੱਸਿਆ ਕਿ ਮੁਲਜ਼ਮ ਨੇ ਲੜਕੀ ਦੇ ਗੁਪਤ ਅੰਗ ਨਾਲ ਇੰਨੀ ਦਰਿੰਦਗੀ ਕੀਤੀ ਹੈ ਕਿ ਉਸ ਦੀ ਜਾਨ ’ਤੇ ਬਣ ਆਈ ਹੈ। ਐਸਐਸਪੀ ਨੇ ਲੜਕੀ ਨੂੰ ਅੰਮ੍ਰਿਤਸਰ ਭੇਜਣ ਦੀ ਜ਼ਿੰਮੇਵਾਰੀ ਡੀਐਸਪੀ ਸਪੈਸ਼ਲ ਬ੍ਰਾਂਚ ਅਸ਼ੋਕ ਕੁਮਾਰ ਨੂੰ ਸੌਂਪੀ ਹੈ।